ਵਿੱਦਿਆ ਦਾ ਮਕਸਦ
21 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਪਾਠਕ੍ਰਮ ਦੀ ਕਟੌਤੀ ਪਿੱਛੇ ਛੁਪਿਆ ਕਾਰਜ’ ਪੜ੍ਹਿਆ। ਵਿੱਦਿਆ ਗਿਆਨ ਦਾ ਉਹ ਸਮੁੰਦਰ ਹੈ ਜਿਸ ’ਚ ਗੋਤਾ ਲਗਾ ਕੇ ਇਨਸਾਨ/ਵਿਦਿਆਰਥੀ ਇਸ ਸਮਾਜ ਦੇ ਹਾਣ ਦੇ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਗਰ ਕਿਸੇ ਨਾਲ ਭੇਦ-ਭਾਵ ਨਹੀਂ ਕਰਦਾ, ਪਰ ਇਸ ਨਾਲ ਹੁਣ ਭੇਦ-ਭਾਵ ਹੋ ਰਹੇ ਹਨ। ਕਿਤੇ ਨਾ ਕਿਤੇ ਵਰਗ-ਵੰਡ ਇਸ ’ਤੇ ਭਾਰੂ ਹੋ ਰਹੀ ਹੈ। ਕਰੋਨਾ ਦੌਰ ਦੌਰਾਨ ਅਸੀਂ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਾਂ, ਜਿਸ ਅੰਦਰ ਸਿੱਖਿਆ ਦਾ ਖ਼ਾਸ ਤਬਕਿਆਂ ਤਕ ਮਹਿਦੂਦ ਹੋਣਾ ਅਤੇ ਪਾਠਕ੍ਰਮ ਵਿਚ ਕਟੌਤੀ ਹੋਣਾ ਵਿਚਾਰਨਯੋਗ ਮਸਲੇ ਹਨ। ਸਿੱਖਿਆ ਅਜਿਹੀ ਹੋਵੇ ਕਿ ਬੱਚਾ ਜਦੋਂ ਵਰਤਮਾਨ ਜਾਂ ਭਵਿੱਖ ਵਿਚ ਸੰਸਾਰਕ ਪਿੰਡ ਵਿਚ ਕਦਮ ਧਰੇ ਤਾਂ ਉਹ ਉਸ ਅੱਖਰ ਗਿਆਨ ਨਾਲ ਲਬਰੇਜ਼ ਹੋਵੇ ਜਿਸ ਨਾਲ ਉਸ ਦਾ ਚੌਤਰਫ਼ਾ ਵਿਕਾਸ ਹੋਵੇ ਅਤੇ ਉਹ ਹਰ ਹਾਲਾਤ ਦਾ ਸਾਹਮਣਾ ਸਹਿਜੇ ਹੀ ਕਰ ਸਕਦਾ ਹੋਵੇ।
ਅਮੀਨਾ, ਬਹਿਰਾਮਪੁਰ ਜ਼ਿਮੀਂਦਾਰੀ, ਰੂਪਨਗਰ
ਸਿਆਸੀ ਨੈਤਿਕਤਾ
20 ਜੁਲਾਈ ਦੇ ਸੰਪਾਦਕੀ ‘ਸਿਆਸੀ ਨੈਤਿਕਤਾ ਦਾ ਪਤਨ’ ਵਿਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਕਿਸ ਤਰ੍ਹਾਂ ਆਪਣੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੁਚਲਿਆ ਜਾਂਦਾ ਹੈ, ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਜੇਕਰ ਕੋਈ ਸਾਧਾਰਨ ਸ਼ਖ਼ਸ ਨੈਤਿਕਤਾ ਤੋਂ ਨੀਵੇਂ ਪੱਧਰ ਦੀ ਗੱਲ ਕਰੇ ਤਾਂ ਉਸ ਨੂੰ ਹਰ ਕੋਈ ਟੋਕਣ ਲਈ ਤਿਆਰ ਹੁੰਦਾ ਹੈ ਪਰ ਜੇਕਰ ਕੋਈ ਸਿਆਸਤਦਾਨ ਜਾਂ ਅਮੀਰ ਆਦਮੀ ਅਜਿਹਾ ਕਰਦਾ ਹੈ, ਉਸ ਨੂੰ ਪੁੱਛਣ ਵਾਲਾ ਕੋਈ ਨਹੀਂ। ਅਜਿਹੇ ਸਿਆਸਤਦਾਨ ਨੂੰ ਅਸਲ ਸਬਕ ਉਸ ਹਲਕੇ ਦੇ ਵੋਟਰ ਹੀ ਸਿਖਾ ਸਕਦੇ ਹਨ। ਜੇਕਰ ਕੋਈ ਸਿਆਸਤਦਾਨ ਜਿੱਤਣ ਤੋਂ ਬਾਅਦ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਜਾਂਦਾ ਹੈ ਤਾਂ ਲੋਕ ਆਪਣੇ ਗ਼ੈਰਤਮੰਦ ਹੋਣ ਦਾ ਸਬੂਤ ਉਸ ਲੀਡਰ ਦੀ ਜ਼ਮਾਨਤ ਜ਼ਬਤ ਕਰਾ ਕੇ ਦੇਣ। ਇਹ ਸਿਰਫ਼ ਦਲਬਦਲੀ ਨਹੀਂ, ਲੱਖਾਂ ਵੋਟਰਾਂ ਦੀਆਂ ਭਾਵਨਾਵਾਂ ਦਾ ਕਤਲ ਹੈ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ
(2)
ਸੰਪਾਦਕੀ ‘ਸਿਆਸੀ ਨੈਤਿਕਤਾ ਦਾ ਪਤਨ’ ਵਿਚ ਸਹੀ ਕਿਹਾ ਗਿਆ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਦਾ ਮੌਜੂਦਾ ਵਰਤਾਰਾ ਸਿਆਸੀ ਪਤਨ ਦਾ ਪ੍ਰਤੀਕ ਹੈ। ਠੀਕ ਕਿਹਾ ਗਿਆ ਹੈ ਕਿ ਭਾਜਪਾ, ਕਾਂਗਰਸ ਜਾਂ ਹੋਰ ਪਾਰਟੀਆਂ ਸਿਆਸੀ ਨੈਤਿਕਤਾ ਦੇ ਮਾਮਲੇ ਵਿਚ ਦੁੱਧ ਧੋਤੀਆਂ ਨਹੀਂ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਸਿੱਖਿਅਤ ਸਮਾਜ ਅਤੇ ਵੋਟਰ ਨੇ ਹੀ ਕਰਨਾ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
(3)
‘ਸਿਆਸੀ ਨੈਤਿਕਤਾ ਦਾ ਪਤਨ’ ਅਜੋਕੀ ਭਾਰਤੀ ਰਾਜਨੀਤੀ ਦਾ ਸਹੀ ਬਿਰਤਾਂਤ ਹੈ। ਫ਼ਿਕਰ ਵਾਲੀ ਗੱਲ ਹੈ ਕਿ ਭਾਰਤੀ ਸਮਾਜ ਵਿਚ ਇਨਸਾਨੀਅਤ ਅਤੇ ਹਰ ਪੱਧਰ ’ਤੇ ਨੈਤਿਕਤਾ ਬੇਹੱਦ ਕਮਜ਼ੋਰ ਹੋ ਰਹੀ ਹੈ, ਨਿਵਾਣ ਵੱਲ ਜਾ ਰਹੀ ਹੈ।
ਪਰਮਿੰਦਰ ਸਿੰਘ ਗਿੱਲ, ਮੁਹਾਲੀ
ਵਿਦਿਆਰਥੀ ਹੋਏ ਪਰਦੇਸੀ
18 ਜੁਲਾਈ ਦੀ ਸੰਪਾਦਕੀ ‘ਵਿਦਿਆਰਥੀਆਂ ਦੀ ਸਮੱਸਿਆਵਾਂ’ ਵਿਚ ਆਪਣਾ ਦੇਸ਼ ਭਾਰਤ ਛੱਡ ਕੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਜਾਣ ਅਤੇ ਧਨ ਵੀ ਉੱਥੇ ਖ਼ਰਚਣ ਬਾਰੇ ਲਿਖਿਆ ਹੈ। ਸਾਡੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਜੀਵਨ ਅਤੇ ਆਮ ਨਾਗਰਿਕਾਂ ਦੇ ਜੀਵਨ ਵਿਚ ਅੰਤਾਂ ਦਾ ਫ਼ਰਕ ਹੈ। ਹੋਰ ਵੀ ਬਥੇਰੇ ਫ਼ਰਕ ਹਨ। ਧੱਕੇਸ਼ਾਹੀ ਆਮ ਹੈ। ਅਜਿਹੀ ਸੂਰਤ ਵਿਚ ਜੇ ਵਿਦਿਆਰਥੀ ਜਾਤ ਪਾਤੀ, ਫ਼ਿਰਕਾਪ੍ਰਸਤੀ, ਰਿਸ਼ਵਤਖ਼ੋਰੀ, ਲੁੱਟ ਖਸੁੱਟ, ਮਾੜੀ ਪੁਲੀਸ, ਗੁੰਡਾਗਰਦੀ, ਅੰਨ੍ਹੀ ਡਰਾਈਵਿੰਗ, ਟੋਇਆਂ ਵਾਲੀਆਂ ਸੜਕਾਂ, ਹਨੇਰਾ ਭਵਿੱਖ ਤੋਂ ਤੰਗ ਭਾਰਤ ਛੱਡ ਕੇ ਨਹੀਂ ਜਾਣਗੇ ਤਾਂ ਹੋਰ ਕੀ ਕਰਨ?
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਪਾਠਕ੍ਰਮ ਵਿਚ ਕਟੌਤੀ
16 ਜੁਲਾਈ ਨੂੰ ਡਾ. ਕੁਲਦੀਪ ਪੁਰੀ ਦਾ ਲੇਖ ‘ਸੈਕੰਡਰੀ ਸਿੱਖਿਆ ਦੇ ਪਾਠਕ੍ਰਮ ’ਚ ਕਟੌਤੀ ਦੇ ਮਾਇਨੇ’ ਪੜ੍ਹਿਆ, ਗੰਭੀਰ ਚਿੰਤਾ ਹੋਈ। ਸਾਡੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਅੰਸ਼ ਪਾਠਕ੍ਰਮ ਵਿਚੋਂ ਹਟਾਉਣਾ ਚਿੰਤਾ ਦਾ ਵਿਸ਼ਾ ਹੈ। ਨੌਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀ ਆਉਣ ਵਾਲੇ ਕੁਝ ਸਾਲਾਂ ਵਿਚ ਵੋਟਰ ਬਣ ਜਾਂਦੇ ਹਨ ਪਰ ਜਾਗਰੂਕ ਵੋਟਰ ਅਤੇ ਜਾਗਰੂਕ ਸਮਾਜਿਕ ਵਿਅਕਤੀ ਲਈ ਇਨ੍ਹਾਂ ਵਿਸ਼ਿਆਂ ਬਾਰੇ ਚੰਗੀ ਜਾਣਕਾਰੀ ਹੋਣਾ ਲਾਜ਼ਮੀ ਹੈ। ਕਰੋਨਾ ਦੇ ਇਸ ਮੁਸ਼ਕਿਲ ਸਮੇਂ ਵਿਚ ਪਾਠਕ੍ਰਮ ਵਿਚ ਕਟੌਤੀ ਕਰਨਾ ਕੋਈ ਢੁੱਕਵਾਂ ਹੱਲ ਨਹੀਂ ਹੈ। ਹਰ ਅਧਿਆਇ ਦੀ ਮੁੱਢਲੀ ਜਾਣਕਾਰੀ ਦਿੰਦਿਆਂ ਪਾਠ ਦਾ ਵਿਸਥਾਰ ਕਰਨ ਤੋਂ ਗੁਰੇਜ਼ ਕਰ ਲੈਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਹਰ ਵਿਸ਼ੇ ਦੀ ਮੁੱਢਲੀ ਜਾਣਕਾਰੀ ਹਾਸਲ ਕਰ ਸਕਣ।
ਗਗਨਦੀਪ ਸਿੰਘ ਭਾਈ ਰੂਪਾ, ਬਠਿੰਡਾ
(2)
ਕੁਲਦੀਪ ਪੁਰੀ ਦਾ ਲੇਖ ਕੇਂਦਰ ਸਰਕਾਰ ਦੀ ਜਮਹੂਰੀਅਤ ਵਿਰੋਧੀ ਮਨਸ਼ਾ ਦੀ ਨਿਸ਼ਾਨਦੇਹੀ ਕਰਦਾ ਹੈ। ਸਰਕਾਰ ਕਰੋਨਾ ਦੀ ਆੜ ’ਚ ਖ਼ਾਸ ਸੋਚ ਨੂੰ ਆਮ ਲੋਕਾਈ ਉੱਤੇ ਥੋਪ ਰਹੀ ਹੈ। ਲੋਕਾਂ ਦਾ ਜਾਗਰੂਕ ਨਾ ਹੋਣਾ ਸਰਕਾਰ ਦੇ ਮਨਸ਼ਿਆਂ ਲਈ ਸੋਨੇ ’ਤੇ ਸੁਹਾਗਾ ਸਾਬਤ ਹੋ ਰਿਹਾ ਹੈ। ਵਿਦਿਆਰਥੀਆਂ ਨੂੰ ਜਮਹੂਰੀਅਤ, ਦੇਸ਼ ਦੀ ਵੰਨ-ਸਵੰਨਤਾ, ਏਕਤਾ ਵਿਚ ਅਨੇਕਤਾ ਅਤੇ ਜੀਵ ਦੇ ਵਿਕਾਸ ਵਰਗੇ ਗਿਆਨ ਵਧਾਊ ਪਾਠ ਪੜ੍ਹਾਉਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਨੇ ਅੱਗੇ ਜਾ ਕੇ ਆਪਣੇ ਨਾਗਰਿਕਾਂ ਦੇ ਫਰਜ਼ ਅਦਾ ਕਰਨੇ ਹੁੰਦੇ ਹਨ। ਕੇਂਦਰ ਸਰਕਾਰ ਜੋ ਕੁਝ ਕਰ ਰਹੀ ਹੈ, ਸਮਾਜ ਲਈ ਉਸ ਦੇ ਸਿੱਟੇ ਘਾਤਕ ਹੋਣਗੇ।
ਮਨੀਸ਼ਾ, ਉੱਭਾਵਾਲ (ਸੰਗਰੂਰ)
ਸਭਿਆਚਾਰਕ ਪਾੜਾ
ਇੰਟਰਨੈੱਟ ਸਫ਼ੇ ‘ਪੰਜਾਬੀ ਪੈੜਾਂ’ ਵਿਚ ਸ਼ਮੀਲ ਦਾ ਲੇਖ ‘ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ’ (15 ਜੁਲਾਈ) ਪੜ੍ਹਿਆ। ਭਾਰਤ ਤੇ ਕੈਨੇਡਾ ਦੇ ਤੌਰ ਤਰੀਕੇ, ਰਹਿਣ-ਸਹਿਣ ’ਚ ਫ਼ਰਕ ਵੇਖਣ ਨੂੰ ਮਿਲਿਆ। ਬਜ਼ੁਰਗ ਆਪਣੀਆਂ ਆਦਤਾਂ ਕੈਨੇਡਾ ਜੰਮੇ ਜਵਾਕਾਂ ਸਿਰ ਕਿਵੇਂ ਲਾ ਸਕਦੇ ਹਨ? ਸਮਾਂ ਬਦਲਣ ਨਾਲ ਜਜ਼ਬਾਤ ਵਿਚ ਫੇਰਬਦਲ ਕਰ ਲੈਣਾ ਚਾਹੀਦਾ ਹੈ।
ਅਨਿਲ ਕੌਸ਼ਿਕ, ਕਿਉੜਕ (ਕੈਥਲ)