ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 16 ਜੂਨ
ਪੁਲੀਸ ਨਾਕੇ ਦੌਰਾਨ ਇਕ ਨੌਜਵਾਨ ਤੇ ਔਰਤ ਮਾਸਕ ਨਾ ਪਹਿਨਿਆ ਹੋਣ ਕਾਰਨ ਚਲਾਨ ਕੱਟਣ ਉੱਤੇ ਮੌਕੇ ਦੀ ਮਹਿਲਾ ਪੁਲੀਸ ਅਫ਼ਸਰ ਨਾਲ ਉਲਝ ਗਏ। ਤਾਇਨਾਤ ਸਬ ਇੰਸਪੈਕਟਰ ਜਤਿੰਦਰਪਾਲ ਕੌਰ ਨੇ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਕੁੰਨਣ ਸਿੰਘ ਨੂੰ ਮਾਸਕ ਨਾ ਪਹਿਨਣ ਕਾਰਨ ਜੁਰਮਾਨਾ ਭਰਨ ਲਈ ਕਿਹਾ ਤਾਂ ਨੌਜਵਾਨ ਹਰਪ੍ਰੀਤ ਸਿੰਘ ਸਬ ਇੰਸਪੈਕਟਰ ਜਤਿੰਦਰਪਾਲ ਕੌਰ ਅਤੇ ਪੁਲੀਸ ਟੀਮ ਨਾਲ ਉਲਝ ਗਿਆ। ਮਸਲਾ ਉਲਝਦਾ ਦੇਖ ਕੇ ਥਾਣਾ ਕਾਹਨੂੰਵਾਨ ਦੇ ਮੁਖੀ ਪ੍ਰਭਜੋਤ ਸਿੰਘ ਵੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਗਏ ਪਰ ਇਹ ਨੌਜਵਾਨ ਫਿਰ ਵੀ ਨਾ ਤਾਂ ਜੁਰਮਾਨਾ ਭਰਨ ਲਈ ਤਿਆਰ ਸੀ ਅਤੇ ਨਾ ਹੀ ਕੋਈ ਦਸਤਾਵੇਜ਼ ਦਿਖਾਉਣ ਲਈ ਤਿਆਰ ਹੋਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਹਰਪ੍ਰੀਤ ਸਿੰਘ ਨੂੰ ਥਾਣਾ ਕਾਹਨੂੰਵਾਨ ਲਿਜਾ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਤਾਂ ਫਿਰ ਇਹ ਨੌਜਵਾਨ ਜੁਰਮਾਨਾ ਭਰਨ ਲਈ ਮੰਨ ਗਿਆ।ਥਾਣਾ ਮੁਖੀ ਕਾਹਨੂੰਵਾਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਕਾਨੂੰਨ ਹੱਥਾਂ ਵਿੱਚ ਲੈਣ ਵਾਲੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਨੂੰ ਭੰਗ ਕਰਨ ਵਾਲੇ ਲੋਕਾਂ ਖ਼ਿਲਾਫ਼ ਪੁਲੀਸ ਵੱਲੋਂ ਸਖ਼ਤੀ ਨਾਲ ਨਜਿੱਠਿਆ ਜਾਵੇਗਾ।