ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 16 ਜੂਨ
ਡੱਬਵਾਲੀ ਵਿਖੇ ਕਰੋਨਾ ਦਾ ਫੈਲਾਅ ਵੱਡਾ ਖੌਫ਼ ਬਣਿਆ ਹੋਇਆ ਹੈ। ਅੱਜ ਮੁੜ ਇੱਥੇ ਕਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆ ਗਏ। ਇਹ ਦੋਵੇਂ ਵਾਰਡ 14 ਦੇ ਕਰੋੋਨਾ ਪਾਜ਼ੇਟਿਵ ਨੌਜਵਾਨ ਦੇ ਮਾਤਾ-ਪਿਤਾ ਹਨ। ਪਿਤਾ ਦੀ ਉਮਰ 67 ਸਾਲ ਅਤੇ ਮਾਤਾ ਦੀ ਉਮਰ 63 ਸਾਲ ਹੈ। ਸਿਹਤ ਵਿਭਾਗ ਨੇ ਦੋਵਾਂ ਨੂੰ ਕੋਵਿਡ ਹਸਪਤਾਲ ਸਿਰਸਾ ਵਿਖੇ ਦਾਖਲ ਕਰਵਾਇਆ ਗਿਆ ਹੈ। ਹੁਣ ਡੱਬਵਾਲੀ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਅੱਜ ਚਾਰ ਨਵੇਂ ਕੇਸ ਆਏ ਹਨ। ਸਿਰਸਾ ਦੇ ਵਾਰਡ ਨੰਬਰ ਦੋ ਵਿੱਚ ਇਕ ਅਤੇ ਪਿੰਡ ਕੋਟਲੀ ਵਿੱਚ ਤਿੰਨ ਕੇਸ ਮਿਲੇ ਹਨ। ਵਾਰਡ ਨੰਬਰ ਦੋ ਤੇ ਪਿੰਡ ਕੋਟਲੀ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ਜਦੋਂਕਿ ਇਸ ਦੇ ਨਾਲ ਲੱਗਦਾ ਖੇਤਰ ਬਫ਼ਰ ਜ਼ੋਨ ਬਣਾਇਆ ਗਿਆ ਹੈ।
ਫ਼ਿਰੋਜ਼ਪੁਰ (ਸੰਜੀਪ ਹਾਂਡਾ): ਫ਼ਿਰੋਜ਼ਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਕਰੋਨਾ ਦੇ ਦੋ ਕੇਸ ਸਾਹਮਣੇ ਆਏ ਹਨ। ਇੱਕ ਕੇਸ ਕਸਬਾ ਮੱਲਾਂਵਾਲਾ ਤੋਂ 33 ਸਾਲਾ ਨੌਜਵਾਨ ਦਾ ਹੈ ਤੇ ਦੂਜਾ ਕੇਸ ਮਖੂ ’ਚ ਪੈਂਦੇ ਸੂਦਾਂ ਪਿੰਡ ਦਾ ਪੁਲੀਸ ਮੁਲਾਜ਼ਮ ਹੈ। ਇਹ ਪੁਲੀਸ ਮੁਲਾਜ਼ਮ ਜਲੰਧਰ ਵਿਚ ਤਾਇਨਾਤ ਹੈ ਤੇ ਉਥੇ ਹੀ ਇਸਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਮੱਲਾਂਵਾਲਾ ਤੋਂ ਜਿਸ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਹ ਦਿੱਲੀ ਦੇ ਏਅਰਪੋਰਟ ਤੇ ਕੈਟਰਿੰਗ ਦਾ ਕੰਮ ਕਰਨ ਵਾਲੀ ਇੱਕ ਕੰਪਨੀ ਦਾ ਮੁਲਾਜ਼ਮ ਦੱਸਿਆ ਜਾਂਦਾ ਹੈ। ਇਸ ਨੌਜਵਾਨ ਨੂੰ ਅੱਜ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰੇਲ ਮੰਡਲ ਦਫ਼ਤਰ ਵਿਚ ਸੀਨੀਅਰ ਡੀਐਮਈ ਦੇ ਅਹੁਦੇ ਤੇ ਤਾਇਨਾਤ ਕਰੋਨਾ ਪਾਜ਼ੇਟਿਵ ਅਧਿਕਾਰੀ ਰਾਜ ਕੁਮਾਰ ਦੀ ਅੱਜ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਫ਼ਰੀਦਕੋਟ ਵਿੱਚ ਕਰੋਨਾ ਦਾ ਇੱਕ ਹੋਰ ਮਰੀਜ਼
ਫ਼ਰੀਦਕੋਟ (ਨਿੱਜੀ ਪੱਤਰ ਪੇ੍ਰਕ): ਜ਼ਿਲ੍ਹੇ ਵਿੱਚ ਅੱਜ ਇੱਕ ਹੋਰ ਕਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। 78 ਸਾਲਾ ਇਹ ਵਿਅਕਤੀ ਸਿਹਤ ਜਾਂਚ ਲਈ ਡੀ.ਐੱਮ.ਸੀ. ਲੁਧਿਆਣਾ ਗਿਆ ਸੀ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਕਿਹਾ ਕਿ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਵਿਅਕਤੀ ਨੂੰ ਡੀ.ਐੱਮ.ਸੀ. ਲੁਧਿਆਣਾ ’ਚ ਬਣੇ ਆਈਸੋਲੇਸ਼ਨ ਵਾਰਡ ’ਚ ਭਰਤੀ ਕਰ ਲਿਆ ਹੈ।
ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 3 ਕੇਸਾਂ ਦੀ ਹੋਈ ਪੁਸ਼ਟੀ
ਜਲਾਲਾਬਾਦ/ਫਾਜ਼ਿਲਕਾ (ਚੰਦਰ ਪ੍ਰਕਾਸ਼ ਕਾਲੜਾ/ਪਰਮਜੀਤ ਸਿੰਘ): ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜੇ ਗਏ ਕਰੋਨਾ ਟੈਸਟ ਦੇ ਨਮੂਨਿਆਂ ’ਚੋਂ 3 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ ਤਿੰਨ ਕੇਸ ਪਾਜ਼ੇਟਿਵ ਆਉਣ ਕਾਰਨ 6 ਕਰੋਨਾ ਮਾਮਲੇ ਐਕਟਿਵ ਹੋ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ: ਚੰਦਰ ਮੋਹਨ ਕਟਾਰੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੇ ਤਿੰਨ ਕੇਸਾਂ ਵਿਚੋਂ 2 ਪੁਰਸ਼ ਅਤੇ ਇਕ ਮਹਿਲਾ ਹੈ। ਇਕ ਦੀ ਉਮਰ 31 ਸਾਲ ਤੇ ਦੂਜੇ ਦੀ ਕਰੀਬ 24 ਸਾਲ ਅਤੇ ਮਹਿਲਾ ਦੀ ਉਮਰ ਕਰੀਬ 53 ਸਾਲ ਹੈ। ਉਨ੍ਹਾਂ ਦੱਸਿਆ ਕਿ ਤਿੰਨੋ ਕੇਸਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਤਿਨੋ ਕੇਸ ਫ਼ਾਜ਼ਿਲਕਾ ਸ਼ਹਿਰ ਨਾਲ ਸਬੰਧਤ ਹਨ। ਮਰੀਜ਼ਾਂ ਨੂੰ ਜਲਾਲਾਬਾਦ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ।