ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸ ਬੁੱਕ ਲਾਈਵ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਵਾਸੀਆਂ ਨਾਲ ਗੱੱਲਬਾਤ ਕਰਦਿਆਂ ਆਖਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਿਹਤ ਮਾਹਿਰਾਂ ਵੱਲੋਂ ਪੰਜਾਬ ਵਿਚ ਮਹਾਮਾਰੀ ਦੇ ਸਿਖਰ ਦਾ ਸਮਾਂ ਅਜੇ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ, ਇਸ ਲਈ ਸੂਬੇ ’ਚ ਢਿੱਲ ਨਹੀਂ ਹੋ ਸਕਦੀ।
ਅੰਮ੍ਰਿਤਸਰ ਦੀ ਸਕੂਲ ਵਿਚ ਪੜ੍ਹਦੀ ਇਕ ਵਿਦਿਆਰਥਣ ਸ਼ਾਲੂ ਅਰੋੜਾ ਵੱਲੋਂ ਸਕੂਲਾਂ ਨੂੰ ਅਗਲੇ ਸਾਲ ਤਕ ਬੰਦ ਕਰਨ ਦੇ ਨਾਲ-ਨਾਲ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਕਲਾਸਾਂ ਬੰਦ ਕਰਵਾਉਣ ਦੀ ਅਪੀਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਹੱਸਦੇ ਹੋੋਏ ਕਿਹਾ ਕਿ ਜਦੋਂ ਉਹ ਛੋਟੇ ਸਨ ਤਾਂ ਉਹ ਵੀ ਸੋਚਦੇ ਸਨ ਕਿ ਸਕੂਲ ਬੰਦ ਹੋ ਜਾਣੇ ਚਾਹੀਦੇ ਹਨ ਪਰ ਪੜ੍ਹਾਈ ਕਰ ਕੇ ਹੀ ਕੁਝ ਬਣਿਆ ਜਾ ਸਕਦਾ ਹੈ। ਇਸ ਲਈ ਪੜ੍ਹਾਈ ਜ਼ਰੂੁਰੀ ਹੈ। ਉਨ੍ਹਾਂ ਕਿਹਾ ਕਿ ਛੁੱਟੀਆਂ ਪਹਿਲਾਂ ਹੀ ਤਾਲਾਬੰਦੀ ਸਮੇਂ ਵਿਚ ਐਡਜਸਟ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਹੁਣ ਹੋਰ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਅੱਜ ਦੇ ਬੇਹੱਦ ਸਖ਼ਤ ਮੁਕਾਬਲੇ ਦੇ ਯੁੱਗ ਵਿਚ ਨਿਰੰਤਰ ਸਿੱਖਿਆ ਦੀ ਲੋੜ ਹੈ ਤੇ ਉਹ ਚਾਹੁੰਦੇ ਹਨ ਕਿ ਹਰ ਪੰਜਾਬੀ ਬੱਚਾ ਵਧੀਆ ਸਿੱਖਿਆ ਹਾਸਲ ਕਰੇ। ਇਸ ਲਈ ਮੌਜੂਦਾ ਸੰਕਟ ਹੱਲ ਹੋਣ ਮਗਰੋਂ ਸਕੂਲ ਮੁੜ ਖੋਲ੍ਹੇ ਜਾਣਗੇ। ਸ਼ਹਿਰ ਵਾਸੀ ਵਿਕਰਮ ਕੁਮਾਰ ਵੱਲੋਂ ਜਿਮ ਖੋਲ੍ਹਣ ਦੀ ਅਪੀਲ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਕੇਂਦਰ ਸਰਕਾਰ ਦੇ ਹੱਥ ਵਿਚ ਹੈ ਕਿਉਂਕਿ ਕੌਮੀ ਆਫ਼ਤ ਐਕਟ ਲੱਗਿਆ ਹੋਇਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਜਦੋਂ ਤਕ ਜਿਮ ਨਹੀਂ ਖੁੱਲ੍ਹਦੇ, ਉਹ ਖੁੱਲ੍ਹੇ ਵਿਚ ਕਸਰਤ ਕਰਨ, ਇਹੋ ਉਨ੍ਹਾਂ ਲਈ ਸੁਰੱਖਿਅਤ ਹੈ।