ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਜੂਨ
ਸੂਬੇ ’ਚ ਖੁੱਲ੍ਹੇ ਨਕਲੀ ਬੀਜ ਘੁਟਾਲੇ ਮਗਰੋਂ ਖੇਤੀਬਾੜੀ ਵਿਭਾਗ ਨੇ ਖਾਦ, ਬੀਜ, ਕੀਟਨਾਸ਼ਕ ਡੀਲਰਾਂ ਉੱਤੇ ਸ਼ਿਕੰਜਾ ਕੱਸ ਦਿੱਤਾ ਹੈ। ਸੂਬੇ ’ਚ ਬੀਜ ਦੀ ਅਣਅਧਿਕਾਰਤ ਵਿੱਕਰੀ ਕਰਨ ਵਾਲੇ 12 ਡੀਲਰਾਂ ਦੇ ਲਾਇਸੈਂਸ ਰੱਦ ਕਰਕੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਮਈ ਮਹੀਨੇ ਸੂਬਾ ਭਰ ’ਚ ਤਕਰੀਬਨ 1928 ਬੀਜ ਡੀਲਰਾਂ ਉੱਤੇ ਛਾਪੇਮਾਰੀ ਕੀਤੀ ਗਈ ਤੇ 12 ਡੀਲਰਾਂ ਵੱਲੋਂ ਝੋਨੇ ਦੇ ਬੀਜ ਦੀ ਅਣਅਧਿਕਾਰਤ ਵਿਕਰੀ ਦੇ ਸਬੂਤ ਮਿਲਣ ਉੱਤੇ ਇਨ੍ਹਾਂ 12 ਡੀਲਰਾਂ ਦੇ ਲਾਇਸੈਂਸ ਰੱਦ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਬਾ ਭਰ ’ਚ ਖਾਦ, ਬੀਜ, ਕੀਟਨਾਸ਼ਕ ਡੀਲਰਾਂ ਦੀ ਜੰਗੀ ਪੱਧਰ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਥੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਤੇ ਮੁਹਿੰਮ ਦੇ ਜ਼ਿਲ੍ਹਾ ਉੱਡਣ ਦਸਤਾ ਮੁਖੀ, ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਨੇ ਆਖਿਆ ਕਿ ਕੋਈ ਵੀ ਦੁਕਾਨਦਾਰ ਜਾਂ ਡੀਲਰ ਬਿਨਾਂ ਬਿੱਲ ਜਾਰੀ ਕੀਤੇ ਬੀਜ, ਖਾਦ ਨਹੀਂ ਵੇਚ ਸਕੇਗਾ ਭਾਵੇਂ ਗਾਹਕ/ਖਪਤਕਾਰ ਬਿੱਲ ਦੀ ਮੰਗ ਕਰੇ ਜਾਂ ਨਾ।