ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਜੁਲਾਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਅੱਜ ਇਥੇ ਵਣ ਪਾਲ ਤੇ ਵਣ ਮੰਡਲ ਦਫ਼ਤਰਾਂ ਅੱਗੇ ਪੰਜ-ਪੰਜ ਦੇ ਗਰੁੱਪ ਬਣਾ ਕੇ ਇਕੱਤਰ ਹੋਏ ਮੁਲਾਜ਼ਮ ਆਗੂਆਂ ਤੇ ਡੈਲੀਵੇਜ਼ਿਜ਼ ਆਗੂਆਂ ਨੇ ਪੰਜਾਬ ਸਰਕਾਰ, ਜੰਗਲਾਤ ਵਿਭਾਗ ਤੇ ਨਿਗਮ ਦੇ ਅਧਿਕਾਰੀਆਂ ਦਾ ਸਿਆਪਾ ਕਰਕੇ ਪਾਪਾਂ ਦੇ ਘੜੇ ਭੰਨੇ ਅਤੇ 17 ਜੁਲਾਈ ਨੂੰ ਜਾਰੀ ਪੱਤਰ ਨੂੰ ਫੂਕਿਆ। ਮੁਲਾਜ਼ਮਾਂ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੌਲੱਖਾ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਫ਼ਸਰਸ਼ਾਹੀ ਦੇ ਸੁਝਾਵਾਂ ਨਾਲ ਮੁੱਖ ਮੰਤਰੀ ਸਮੇਤ ਮੰਤਰੀ ਵੱਲੋਂ ਮੁਲਾਜ਼ਮ ਤੇ ਮਜ਼ਦੂਰ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਵਣ ਮੰਤਰੀ ਵੱਲੋਂ ਵਾਰ ਕੀਤੀਆਂ ਤਿੰਨ ਮੀਟਿੰਗਾਂ ਵਿੱਚ ਵਾਅਦੇ ਕਰਕੇ ਵੀ ਜੰਗਲਾਤ ਤੇ ਜੰਗਲਾਤ ਨਿਗਮ ਦੇ ਕਾਮੇ ਪੱਕੇ ਨਹੀਂ ਕੀਤੇ ਗਏ ਅਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਚਾਰ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ। ਰੋਸ ਵਜੋਂ 22 ਜੁਲਾਈ ਨੂੰ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ, 23 ਜੁਲਾਈ ਨੂੰ ਨਹਿਰੀ ਦਫ਼ਤਰ ਅਤੇ ਨਗਰ ਨਿਗਮ ਦਫ਼ਤਰ, 24 ਜੁਲਾਈ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਕਾਲਜਾਂ ਦਫ਼ਤਰਾਂ ਅੱਗੇ ਘੜੇ ਭੰਨ ਰੈਲੀਆਂ ਕੀਤੀਆਂ ਜਾਣਗੀਆਂ। ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਅੱਗੇ ਰੈਲੀਆਂ ਪਹਿਲਾਂ ਹੀ ਚੱਲ ਰਹੀਆਂ ਹਨ ਤੇ 25 ਜੁਲਾਈ ਨੂੰ ਬੱਸ ਸਟੈਂਡ ਫਲਾਈ ਓਵਰ ਉੱਪਰ ਚੜ੍ਹ ਕੇ ਮੁਲਾਜ਼ਮਾਂ ਦੇ ਪੰਜ-ਪੰਜ ਦੇ ਗਰੁੱਪ ਵੱਲੋਂ ਰੈਲੀ ਕਰਕੇ ਘੜੇ ਭੰਨੇ ਜਾਣਗੇ। ਵਣ ਮੰਤਰੀ ਦੇ ਘਰ ਅੱਗੇ ਰੈਲੀਆਂ ਜਾਰੀ ਰਹਿਣਗੀਆਂ। ਇਸ ਮੌਕੇ ਤਰਲੋਚਨ ਮਾੜੂ, ਅਮਰੀਕ ਸਿੰਘ, ਤਰਲੋਚਨ ਮੰਡੋਲੀ, ਚੰਦਰ ਭਾਨ, ਧਰਮਪਾਲ, ਕਰਨੈਲ ਬੋਸਰ, ਰਤਨ ਸਿੰਘ, ਸੁੰਦਰ ਲਾਲ, ਜਸਪਾਲ ਤੇ ਕ੍ਰਿਸ਼ਨ ਹਾਜ਼ਰ ਸਨ।