ਮੁੰਬਈ, 28 ਜੂਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਸੂਬੇ ਵਿੱਚ 30 ਜੂਨ ਤੋਂ ਬਾਅਦ ਵੀ ਲੌਕਡਾਊਨ ਸਬੰਧੀ ਪਾਬੰਦੀਆਂ ਜਾਰੀ ਰਹਿਣਗੀਆਂ।
ਟੈਲੀਵਿਜ਼ਨ ’ਤੇ ਸੰਬੋਧਨ ਦੌਰਾਨ ਸ੍ਰੀ ਠਾਕਰੇ ਨੇ ਪਾਬੰਦੀਆਂ ਖ਼ਤਮ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਰਾਜ ਵਿੱਚ ਅਜੇ ਵੀ ਕਰੋਨਾਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ। ਉਪਰੰਤ ਉਨ੍ਹਾਂ ਟਵੀਟ ਕੀਤਾ, ‘‘ਕੀ 30 ਜੂਨ ਤੋਂ ਬਾਅਦ ਲੌਕਡਾਊਨ ਹਟਾ ਲਿਆ ਜਾਵੇਗਾ? ਸਪੱਸ਼ਟ ਜਵਾਬ ਹੈ ਨਹੀਂ।’’
ਸ੍ਰੀ ਠਾਕਰੇ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਖੋਲ੍ਹਣ ਦੀ ਪ੍ਰਕਿਰਿਆ ਨੂੰ ਸੂਬਾ ਸਰਕਾਰ ਵੱਲੋਂ ਮੁੜ ਸ਼ੁਰੂਆਤ ਮਿਸ਼ਨ ਦਾ ਨਾਂ ਦਿੱਤਾ ਗਿਆ ਹੈ। ਅਰਥਚਾਰੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਇਸ ਮਿਸ਼ਨ ਨੂੰ ਹੌਲੀ-ਹੌਲੀ ਲਾਗੂ ਕੀਤਾ ਜਾ ਰਿਹਾ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ 30 ਜੂਨ ਤੋਂ ਬਾਅਦ ਵੀ ਰਾਜ ਵਿੱਚ ਕੁਝ ਪਾਬੰਦੀਆਂ ਲਾਗੂ ਰਹਿਣਗੀਆਂ ਪਰ ਛੋਟਾਂ ਹੌਲੀ-ਹੌਲੀ ਦਿੱਤੀਆਂ ਜਾਣਗੀਆਂ।