ਮੰਤਰੀ ਸਮੂਹ ਦੀ ਬੈਠਕ ’ਚ ਦਿੱਤੀ ਗਈ ਜਾਣਕਾਰੀ
ਨਵੀਂ ਦਿੱਲੀ, 9 ਜੁਲਾਈ
ਮੁਲਕ ’ਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਕਰਨਾਟਕ ਅਤੇ ਤਿਲੰਗਾਨਾ ਸਮੇਤ ਅੱਠ ਸੂਬਿਆਂ ’ਚ ਕਰੋਨਾਵਾਇਰਸ ਦੇ ਕਰੀਬ 90 ਫ਼ੀਸਦੀ ਸਰਗਰਮ ਕੇਸ ਹਨ। ਕਰੋਨਾਵਾਇਰਸ ਬਾਰੇ ਮੰਤਰੀਆਂ ਦੇ ਸਮੂਹ ਨੂੰ ਅੱਜ ਇਹ ਜਾਣਕਾਰੀ ਦਿੱਤੀ ਗਈ। ਦੇਸ਼ ਦੇ 49 ਜ਼ਿਲ੍ਹਿਆਂ ’ਚ ਕਰੋਨਾ ਦੇ 80 ਫ਼ੀਸਦੀ ਸਰਗਰਮ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ 86 ਫ਼ੀਸਦੀ ਮੌਤਾਂ ਹੋਈਆਂ ਹਨ ਜਦਕਿ 32 ਜ਼ਿਲ੍ਹਿਆਂ ’ਚ ਕਰੋਨਾ ਨਾਲ 80 ਫ਼ੀਸਦੀ ਮੌਤਾਂ ਦਾ ਅੰਕੜਾ ਦਰਜ ਹੋਇਆ ਹੈ। ਮੰਤਰੀ ਸਮੂਹ ਦੀ ਅੱਜ 18ਵੀਂ ਬੈਠਕ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੀ ਅਗਵਾਈ ਹੇਠ ਹੋਈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਜਿਨ੍ਹਾਂ ਖ਼ਿੱਤਿਆਂ ’ਚ ਮੌਤ ਦੀ ਦਰ ਵਧੇਰੇ ਹੈ, ਉਥੇ ਉਚੇਚੇ ਤੌਰ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਪੰਜ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿਚਕਾਰ ਤੁਲਨਾ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਭਾਰਤ ’ਚ 10 ਲੱਖ ਪਿੱਛੇ ਕਰੋਨਾ ਦੇ 538 ਕੇਸ ਹਨ ਜਦਕਿ ਮੌਤਾਂ ਦੀ ਦਰ 15 ਹੈ। ਇਸ ਦੇ ਮੁਕਾਬਲੇ ਆਲਮੀ ਔਸਤ ਕ੍ਰਮਵਾਰ 1453 ਅਤੇ 68.7 ਹੈ। ਇਸ ਦੌਰਾਨ ਕੌਮੀ ਡਿਸੀਜ਼ ਕੰਟਰੋਲ ਸੈਂਟਰ ਦੇ ਡਾਇਰੈਕਟਰ ਸੁਜੀਤ ਕੇ ਸਿੰਘ ਨੇ ਮਹਾਮਾਰੀ ਦੌਰਾਨ ਭਾਰਤ ’ਚ ਉਠਾਏ ਗਏ ਕਦਮਾਂ ਦੀ ਵਿਆਪਕ ਰਿਪੋਰਟ ਪੇਸ਼ ਕੀਤੀ।