ਚੇਨੱਈ, 28 ਜੂਨ
ਚੇਨੱਈ ਦੇ ਪੁਲੀਸ ਕਮਿਸ਼ਨਰ ਏ.ਕੇ. ਵਿਸ਼ਵਨਾਥਨ ਨੇ ਅੱਜ ਸ਼ਹਿਰ ਦੀ ਪੁਲੀਸ ਨੂੰ ਗ੍ਰਿਫ਼ਤਾਰੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨਾਲ ਮੰਦੀ ਭਾਸ਼ਾ ਨਾ ਬੋਲਣ ਲਈ ਕਿਹਾ ਹੈ, ਜਦੋਂਕਿ ਕੁੱਟਣਾ ਤਾਂ ਗੈਰ-ਕਾਨੂੰਨੀ ਕਾਰਵਾਈ ਮੰਨਿਆ ਜਾਵੇਗਾ। ਇੱਥੇ ਅੱਜ ਉਨ੍ਹਾਂ ਦੀ ਇਹ ਟਿੱਪਣੀ ਹਾਲ ਹੀ ਵਿੱਚ ਟੂਟੀਕੋਰਿਨ ਵਿੱਚ ਪੁਲੀਸ ਹਿਰਾਸਤ ’ਚ ਕੀਤੀ ਗਈ ਕੁੱਟਮਾਰ ਤੋਂ ਬਾਅਦ ਪਿਓ-ਪੁੱਤ ਦੀ ਹਸਪਤਾਲ ’ਚ ਹੋਈ ਮੌਤ ’ਤੇ ਦੇਸ਼ ਭਰ ’ਚ ਲੋਕਾਂ ਦੇ ਭੜਕਣ ਕਾਰਨ ਇਸ ਸਬੰਧੀ ਲੱਗੀ ਸਵਾਲਾਂ ਦੀ ਝੜੀ ਜਵਾਬ ਵਿੱਚ ਆਈ। ਸ੍ਰੀ ਵਿਸ਼ਵਨਾਥਨ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਗ੍ਰਿਫ਼ਤਾਰੀ ਸਬੰਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਇਲਾਵਾ ਹੋਰ ਵੱਡੀ ਗਿਣਤੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ, ‘‘ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਕੁੱਟਿਆ ਅਤੇ ਉਸ ’ਤੇ ਜੁਲਮ ਨਹੀਂ ਢਾਹਿਆ ਜਾ ਸਕਦਾ। ਜਿੱਥੋਂ ਤੱਕ ਗਰੇਟਰ ਚੇਨੱਈ ਪੁਲੀਸ ਜਾਂ ਰਾਜ ਪੁਲੀਸ ਦਾ ਸਵਾਲ ਹੈ, ਅਸੀਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੁੱਟਣਾ ਤਾਂ ਦੂਰ ਦੀ ਗੱਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਅਜਿਹੀ ਭਾਸ਼ਾ ਵੀ ਨਹੀਂ ਬੋਲਣੀ ਜਿਸ ਤੋਂ ਉਸ ਨੂੰ ਸੱਟ ਵੱਜੇ।’’