ਅਗਰਤਲਾ, 21 ਜੁਲਾਈ
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਾਬ ਕੁਮਾਰ ਦੇਬ ਨੇ ਮੰਗਲਵਾਰ ਨੂੰ ਬੰਗਾਲੀਆਂ ਦੀ ਤੁਲਨਾ ਪੰਜਾਬੀਆਂ ਅਤੇ ਜਾਟਾਂ ਨਾਲ ਕਰਨ ’ਤੇ ਮੁਆਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਸ੍ਰੀ ਦੇਬ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਸੀ ਕਿ ਜਾਟ ਸਰੀਰਕ ਤੌਰ ‘ਤੇ ਬਹੁਤ ਮਜ਼ਬੂਤ ਹੁੰਦੇ ਹਨ ਪਰ ਪਰ ਦਿਮਾਗ਼ੀ ਨਹੀਂ ਹੁੰਦੇ ਜਦ ਕਿ ਕਿ ਬੰਗਾਲੀ ਬਹੁਤ ਬੁੱਧੀਮਾਨ ਹੁੰਦੇ ਹਨ। ਮੰਗਲਵਾਰ ਸਵੇਰੇ ਹਿੰਦੀ ਵਿਚ ਟਵੀਟ ਦੀ ਲੜੀ ਵਿਚ ਮੁੱਖ ਮੰਤਰੀ ਨੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਪੰਜਾਬੀ ਅਤੇ ਜਾਟ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੋਵਾਂ ’ਤੇ ਮਾਣ ਹੈ। ਸ੍ਰੀ ਦੇਬ ਨੇ ਟਵੀਟ ਕੀਤਾ, “ਮੈਂ ਹਮੇਸ਼ਾ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਪੰਜਾਬੀ ਅਤੇ ਜਾਟਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਕਦੇ ਵੀ ਇਨ੍ਹਾਂ ਦੋਵਾਂ ਭਾਈਚਾਰਿਆਂ ਵੱਲੋਂ ਭਾਰਤ ਨੂੰ ਅੱਗੇ ਵਧਾਉਣ ਵਿੱਚ ਨਿਭਾਈ ਭੂਮਿਕਾ ’ਤੇ ਪ੍ਰਸ਼ਨ ਉਠਾਉਣ ਦੀ ਕਲਪਨਾ ਨਹੀਂ ਕਰ ਸਕਦਾ। ਮੈਂ ਉਨ੍ਹਾਂ ਦੇ ਬਾਰੇ ਕੁਝ ਲੋਕਾਂ ਦੇ ਵਿਚਾਰ ਪ੍ਰਗਟ ਕੀਤੇ ਹਨ। ਮੈਨੂੰ ਪੰਜਾਬੀ ਅਤੇ ਜਾਟ ਭਾਈਚਾਰਿਆਂ ‘ਤੇ ਮਾਣ ਹੈ। ਮੈਂ ਉਨ੍ਹਾਂ ਵਿਚ ਕਾਫ਼ੀ ਸਮੇਂ ਤੋਂ ਰਿਹਾ ਹਾਂ। ਜੇ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਾਂਗਾ।” ਐਤਵਾਰ ਨੂੰ ਅਗਰਤਲਾ ਪ੍ਰੈਸ ਕਲੱਬ ਵਿਖੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਦੇਬ ਨੇ ਕਿਹਾ ਸੀ ਕਿ ਭਾਰਤ ਦਾ ਹਰ ਭਾਈਚਾਰਾ ਆਪਣੀ ਖਾਸ ਕਿਸਮ ਅਤੇ ਚਰਿੱਤਰ ਲਈ ਜਾਣਿਆ ਜਾਂਦਾ ਹੈ। ਮੁੱਖ ਮੰਤਰੀ ਦੇ ਬਿਆਨ ਦੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਕਲਿੱਪ ਵਿਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ, ” ਬੰਗਾਲੀ ਬਹੁਤ ਬੁੱਧੀਮਾਨ ਹਨ ਅਤੇ ਇਹ ਉਨ੍ਹਾਂ ਦੀ ਪਛਾਣ ਜਦ ਕਿ ਪੰਜਾਬੀਆਂ ਅਤੇ ਜਾਟਾਂ ਨੂੰ ਆਪਣੀ ਸਰੀਰਕ ਤਾਕਤ ਲਈ ਜਾਣਿਆ ਜਾਂਦਾ ਹੈ। ਜਦੋਂ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਪੰਜਾਬੀ ਇਕ ਸਰਦਾਰ ਹੈ। ਉਨ੍ਹਾਂ ਕੋਲ ਸ਼ਾਇਦ ਬਹੁਤ ਘੱਟ ਬੁੱਧੀ ਹੋਵੇ ਪਰ ਉਹ ਬਹੁਤ ਤਾਕਤਵਰ ਹਨ। ਕੋਈ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਜਿੱਤ ਸਕਦਾ ਪਰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ। ਜਾਟ ਵੀ ਘੱਟ ਬੁੱਧੀਮਾਨ ਹਨ ਪਰ ਬਹੁਤ ਸਿਹਤਮੰਦ ਹਨ। ਜੇਕਰ ਕੋਈ ਜਾਟ ਨੂੰ ਚੁਣੌਤੀ ਦਿੰਦਾ ਹੈ ਤਾਂ ਉਹ ਆਪਣੇ ਘਰ ਤੋਂ ਬੰਦੂਕ ਲੈ ਕੇ ਆਵੇਗਾ।