ਯਸ਼ ਗੋਇਲ
ਜੈਪੁਰ, 28 ਜੂਨ
ਰਾਜਸਥਾਨ ਦੀ ਸਰਕਾਰ ਨੇ ਭੀਲਵਾੜਾ ਵਿੱਚ ਬਰਾਤ ਵੱਲੋਂ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਲਾੜੇ ਦੇ ਪਿਤਾ ਨੂੰ 6,26,600 ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਕਾਰਨ 15 ਵਿਅਕਤੀਆਂ ਨੂੰ ਕਰੋਨ ਹੋ ਗਿਆ ਸੀ ਤੇ ਲਾੜੇ ਦੇ ਦਾਦੇ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਸੀ। ਇਸ ਵਿਅਕਤੀ ਨੇ 13 ਜੂਨ ਨੂੰ ਭੀਲਵਾੜਾ ਦੇ ਭਦਾਦਾ ਮੁਹੱਲੇ ਵਿੱਚ ਆਪਣੇ ਪੁੱਤਰ ਦੇ ਵਿਆਹ ਲਈ 50 ਮਹਿਮਾਨਾਂ ਦੀ ਇਜਾਜ਼ਤ ਲਈ ਸੀ ਪਰ ਊਹ 250 ਬੰਦਿਆਂ ਦੀ ਬਰਾਤ ਲੈ ਕੇ ਪੁੱਜ ਗਿਆ। ਸਰਕਾਰ ਨੇ ਕਿਹਾ ਕਿ ਲਾੜੇ ਦੇ ਪਿਤਾ ਨੇ ਰਾਜਸਥਾਨ ਮਹਾਮਾਰੀ ਰੋਗ ਐਕਟ ਸਣੇ ਵੱਖ-ਵੱਖ ਕਾਨੂੰਨਾਂ ਦੀ ਉਲੰਘਣਾ ਕੀਤੀ।
ਦੋਸ਼ੀ ਨੂੰ ਤਿੰਨ ਦਿਨਾਂ ਵਿਚ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਹੈ। ਭੀਲਵਾੜਾ ਦੇ ਕੁਲੈਕਟਰ ਰਾਜੇਂਦਰ ਭੱਟ ਨੇ ਦੱਸਿਆ ਕਿ ਵਿਆਹ ਲਈ ਸੱਦੇ 250 ਲੋਕਾਂ ਵਿੱਚੋਂ 15 ਨੂੰ ਕਰੋਨਾ ਦੀ ਪੁਸ਼ਟੀ ਹੋਈ ਤੇ 58 ਹੋਰ ਵਿਅਕਤੀਆਂ ਨੂੰ ਵਿਆਹ ਦੇ ਦਿਨ ਤੋਂ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬੁਲਾਏ ਗਏ ਲੋਕਾਂ ਨੇ ਨਾ ਮਾਸਕ ਪਹਿਨੇ, ਨਾ ਸਮਾਜਿਕ ਦੂਰੀਆਂ ਤੇ ਸਾਫ-ਸਫਾਈ ਦੇ ਨਿਯਮਾਂ ਦੀ ਪਾਲਣਾ ਕੀਤੀ। ਲਾੜੇ ਦੇ ਪਿਤਾ ਘੀਸੂਲਾਲ ਰਾਠੀ ਖ਼ਿਲਾਫ਼ ਭੀਮਗੰਜ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।