ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਜੂਨ
ਅਕਾਲ ਡਿਗਰੀ ਕਾਲਜ ਫਾਰ ਵਿਮੈਨ ਵਿਚ ਆਰਟਸ ਗਰੁੱਪ ਦੀ ਪੜ੍ਹਾਈ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੀ ਮੈਦਾਨ ’ਚ ਨਿੱਤਰ ਆਈਆਂ ਹਨ। ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ’ਤੇ ਆਧਾਰਿਤ ਸੰਸਥਾ ‘ਸੰਕਲਪ’ ਵਲੋਂ ਆਰਟਸ ਗਰੁੱਪ ਦੀ ਪੜ੍ਹਾਈ ਬੰਦ ਕਰਨ ਵਿਰੁੱਧ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਸੰਕਲਪ ਨੇ ਇਸ ਫ਼ੈਸਲੇ ਨੂੰ ਪੇਂਡੂ ਅਤੇ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਨੂੰ ਆਰਟਸ ਗਰੁੱਪ ਦੀ ਪੜ੍ਹਾਈ ਤੋਂ ਵਾਂਝਾ ਕਰਨ ਵਾਲਾ ਕਰਾਰ ਦਿੱਤਾ ਹੈ। ਸੰਕਲਪ ਦੇ ਪ੍ਰਧਾਨ ਬਲਦੇਵ ਸਿੰਘ ਗੋਸਲ, ਚੇਅਰਮੈਨ ਡਾ. ਏ.ਐਸ. ਮਾਨ, ਜਨਰਲ ਸਕੱਤਰ ਪ੍ਰਵੀਨ ਬਾਂਸਲ ਅਤੇ ਸਕੱਤਰ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਵਿੱਤੀ ਘਾਟੇ ਦੀ ਓਟ ’ਚ ਲਿਆ ਇਹ ਫ਼ੈਸਲਾ ਮੰਦਭਾਗਾ ਹੈ। ਇਲਾਕੇ ਵਿਚ ਲੜਕੀਆਂ ਦਾ ਇੱਕੋ ਇੱਕ ਕਾਲਜ ਹੈ ਜਿੱਥੇ ਸ਼ਹਿਰੀ ਤੇ ਪੇਂਡੂ ਖੇਤਰ ਦੇ ਗ਼ਰੀਬ ਅਤੇ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਸਿੱਖਿਆ ਹਾਸਲ ਕਰ ਰਹੀਆਂ ਹਨ। ਆਰਟਸ ਗਰੁੱਪ ਦੀ ਪੜ੍ਹਾਈ ਬੰਦ ਕਰ ਕੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿੱਖਿਆ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਸੁਰਿੰਦਰਪਾਲ ਸਿੰਘ ਸਦਕਾ, ਐਡਵੋਕੇਟ ਮਹਿੰਦਰਪਾਲ ਸਿੰਘ ਅਤੇ ਸੁਰਜੀਤ ਸਿੰਘ ਕਾਲੀਆ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਹੋਰ ਜਿਹੜੇ ਮਰਜ਼ੀ ਕੋਰਸ ਸ਼ੁਰੂ ਕਰ ਲਏ ਪਰ ਆਰਟਸ ਗਰੁੱਪ ਦੀ ਪੜ੍ਹਾਈ ਬੰਦ ਨਹੀਂ ਹੋਣ ਦਿੱਤੀ ਜਾਵੇਗੀ।