ਰਵਿੰਦਰ ਰਵੀ
ਬਰਨਾਲਾ, 15 ਜੂਨ
ਬਰਨਾਲਾ ਪੁਲੀਸ ਨੇ ਪਿੰਡ ਕਰਮਗੜ੍ਹ ’ਚ ਪੰਜ ਮਹੀਨੇ ਪਹਿਲਾਂ ਬਜ਼ੁਰਗ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁੱਖੀ ਨੇ ਦੱਸਿਆ ਕਿ ਪਿੰਡ ਕਰਮਗੜ੍ਹ ਵਿੱਚ ਇਸੇ ਸਾਲ ਦੀ ਜਨਵਰੀ ਦੇ ਪਹਿਲੇ ਹਫ਼ਤੇ ਬੰਤ ਸਿੰਘ (65) ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਸਬੰਧੀ ਪੁਲੀਸ ਨੇ ਪਰਿਵਾਰ ਦੇ ਮੈਂਬਰ ਵੱਲੋਂ ਦਰਜ ਕਰਵਾਏ ਬਿਆਨ ਦੇ ਆਧਾਰ ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਕਾਤਲਾਂ ਦੀ ਪੈੜ ਨੱਪਣ ਲਈ ਬਣਾਈ ਵਿਸ਼ੇਸ਼ ਟੀਮ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਛਾਪੇਮਾਰੀ ਦੌਰਾਨ ਪਿੰਡ ਸੰਘੇੜਾ ਵਿੱਚ ਤਿੰਨ ਵਿਅਕਤੀ ਬੈਠੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ।
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀ ਰਾਜਦੀਪ ਸਿੰਘਰਵਿੰਦਰ ਸਿੰਘ ਵਾਸੀ ਕਰਮਗੜ੍ਹ ਅਤੇ ਰਵਿੰਦਰ ਸਿੰਘ ਵਾਸੀ ਠੁੱਲੀਵਾਲ ਨੇ ਪੁੱਛਗਿੱਛ ਦੌਰਾਨ ਪਿੰਡ ਕਰਮਗੜ੍ਹ ਦੇ ਬੰਤ ਸਿੰਘ ਦਾ ਕਤਲ ਦਾ ਗੁਨਾਹ ਕਬੂਲ ਕੀਤਾ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।