ਰਵੇਲ ਸਿੰਘ ਭਿੰਡਰ
ਪਟਿਆਲਾ, 27 ਜੂਨ
ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਵਿਭਾਗ (ਐੱਮ.ਐੱਚ.ਆਰ.ਡੀ.) ਅਤੇ ਵਿਗਿਆਨ ਤੇ ਟੈਕਨਾਲੌਜੀ ਵਿਭਾਗ (ਡੀ.ਐੱਸ.ਟੀ.) ਵੱਲੋਂ ਅੰਤਰਰਾਸ਼ਟਰੀ ਸਾਂਝਾਂ ਦੇ ਜ਼ਰੀਏ ਉਚੇਰੀ ਸਿੱਖਿਆ ਵਿਚ ਗੁਣਵੱਤਾ ਵਿਕਾਸ ਕਰਨ ਹਿਤ ਚਲਾਏ ਜਾ ਰਹੇ ਗਲੋਬਲ ਇਨੀਸ਼ੀਏਟਿਵ ਫਾਰ ਅਕੈਡਮਿਕ ਨੈੱਟਵਰਕ (ਗਿਆਨ) ਰਾਹੀਂ ਇਕ ਵਿਸ਼ੇਸ਼ ਪ੍ਰਾਜੈਕਟ ਹਾਸਲ ਹੋਇਆ ਹੈ। ਦੱਸਣਯੋਗ ਹੈ ਕਿ ‘ਗਿਆਨ’ ਨਾਮੀ ਇਸ ਪ੍ਰਾਜੈਕਟ ਰਾਹੀਂ ਵਿਦੇਸ਼ਾਂ ਤੋਂ ਉੱਘੇ ਮਾਹਿਰ ਭਾਰਤ ਵਿਚਲੀ ਸੰਬੰਧਤ ਮੇਜ਼ਬਾਨ ਯੂਨੀਵਰਸਿਟੀ ਵਿਚ ਪਹੁੰਚ ਕੇ ਸ਼ੌਰਟ ਟਰਮ ਕੋਰਸ ਅਤੇ ਪ੍ਰੋਗਰਾਮ ਚਲਾਉਂਦੇ ਹਨ।ਤਾਜ਼ਾ ਹਾਸਲ ਹੋਏ ਇਸ ਪ੍ਰਾਜੈਕਟ ਰਾਹੀਂ ਹੁਣ ਆਸਟਰੇਲੀਆ ਦੀ ਸਮਾਰਟ ਸੈਂਸਿੰਗ ਸੈਂਟਰ ਫਾਰ ਰਿਜਨਲ ਐਂਡ ਰੂਰਲ ਫੀਚਰਜ਼, ਡੀਕਿਨ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਰੋਜ਼ੈਨੇ ਗੁਇਜ਼ਿਟ ਪੰਜਾਬੀ ਯੂਨੀਵਰਸਿਟੀ ਲਈ ਵਿਜ਼ਟਿੰਗ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਉਣਗੇ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਇਸ ਸੰਬੰਧੀ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਆਈ ਇਕ ਹੋਰ ਵੱਡੀ ਪ੍ਰਾਪਤੀ ਹੈ ਜਿਸ ਦਾ ਫੈਕਲਟੀ, ਖੋਜ਼ਾਰਥੀਆਂ ਅਤੇ ਵਿਦਿਆਰਥੀਆਂ ਨੂੰ ਭਰਪੂਰ ਲਾਭ ਹੋਣਾ ਹੈ।ਵਿਦਿਆਰਥੀ ਅੰਤਰਰਾਸ਼ਟਰੀ ਫੈਕਲਟੀ ਨਾਲ ਆਪਣੇ ਸਬੰਧਤ ਵਿਸ਼ੇ ਦਾ ਗਿਆਨ ਆਦਾਨ ਪ੍ਰਦਾਨ ਕਰਨ ਦੇ ਯੋਗ ਹੋ ਸਕਣਗੇ।