ਬੀਰਬਲ ਰਿਸ਼ੀ
ਸ਼ੇਰਪੁਰ, 8 ਜੁਲਾਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ, ਸਰਕਾਰ ਵੱਲੋਂ ਨੀਲੇ ਕਾਰਡ ਕੱਟਣ ਅਤੇ ਕੇਂਦਰ ਤੋਂ ਆਏ ਰਾਸ਼ਨ ਦੀ ਵੰਡ ’ਚ ਕਥਿਤ ਘਪਲੇਬਾਜ਼ੀ ਖ਼ਿਲਾਫ਼ ਬਲਾਕ ਸ਼ੇਰਪੁਰ ਦੇ ਕੁਝ ਪਿੰਡਾਂ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਪਾਰਟੀ ’ਚ ਧੜੇਬੰਦੀ ਜੱਗ ਜ਼ਾਹਰ ਹੋਈ ਹੈ।
ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੇ ਪੁੱਤਰ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਵੱਲੋਂ ਬਲਾਕ ਸ਼ੇਰਪੁਰ ਦੇ ਪਿੰਡ ਧੰਦੀਵਾਲ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਦੋਂਕਿ ਸ਼ੇਰਪੁਰ ਨੇੜਲੇ ਪਿੰਡ ਕਾਤਰੋਂ ਵਿੱਚ ਸਰਕਲ ਪ੍ਰਧਾਨ ਰਣਜੀਤ ਸਿੰਘ ਰੰਧਾਵਾ ਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਦੀ ਸਾਂਝੀ ਅਗਵਾਈ ਹੇਠ ਕੀਤੇ ਇਕੱਠ ਨੂੰ ਪਾਰਟੀ ਦੇ ਹਲਕਾ ਇੰਚਾਰਜ ਹਰੀ ਸਿੰਘ ਨਾਭਾ ਨੇ ਸੰਬੋਧਨ ਕੀਤਾ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦਾ ਪਰਿਵਾਰ ਹਲਕੇ ਤੋਂ ਆਪਣੀ ਦਾਅਵੇਦਾਰੀ ਜਤਾ ਰਿਹਾ ਹੈ ਜਦੋਂਕਿ ਹਰੀ ਸਿੰਘ ਨਾਭਾ ਪਾਰਟੀ ਵੱਲੋਂ ਪਹਿਲੀ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਅਤੇ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਹਨ। ਪਾਰਟੀ ਦੇ ਇੱਕ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਾਰਟੀ ਦੇ ਇਨ੍ਹਾਂ ਆਗੂਆਂ ਵੱਲੋਂ ਇਸ ਤਰ੍ਹਾਂ ਲੀਹ ਪਾੜ ਕੇ ਤੁਰਨ ਦੀ ਕਾਰਵਾਈ ਭਵਿੱਖ ’ਚ ਵਿਰੋਧੀਆਂ ਲਈ ਵਰਦਾਨ ਬਣ ਸਕਦੀ ਹੈ।
ਮਹਿੰਗਾਈ ਦੇ ਮੁੱਦੇ ’ਤੇ ਅਕਾਲੀ ਦਲ ਵੱਲੋਂ ਧਰਨਾ
ਅਮਰਗੜ੍ਹ: ਸ਼੍ਰੋਮਣੀ ਅਕਾਲੀ ਦਲ ਸਰਕਲ ਬਰਡਵਾਲ ਵੱਲੋਂ ਹਾਕਮ ਸਿੰਘ ਢਢੋਗਲ ਦੀ ਅਗਵਾਈ ਹੇਠ ਬਿਜਲੀ ਤੇ ਡੀਜ਼ਲ ਦੇ ਬਿਲ ਵਧਾਉਣ, ਨੀਲੇ ਕਾਰਡ ਕੱਟਣ ਅਤੇ ਸਕੂਲਾਂ ਦੇ ਮਸਲੇ ਸਬੰਧੀ ਪਿੰਡ ਢਢੋਗਲ ਵਿਚ ਧਰਨਾ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਸਰਕਾਰ ਤੇਲ ’ਤੇ ਮੋਟਾ ਟੈਕਸ ਵਸੂਲਦੀ ਹੈ ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਮੌਕੇ ਹਲਕਾ ਇੰਚਾਰਜ ਹਰੀ ਸਿੰਘ ਨਾਭਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੀਲੇ ਕਾਰਡ ਕੱਟ ਕੇ ਗ਼ਰੀਬਾਂ ਨਾਲ ਧਰੋਹ ਕਮਾਇਆ ਹੈ। -ਪੱਤਰ ਪ੍ਰੇਰਕ