ਮੁੰਬਈ, 20 ਜੁਲਾਈ
ਅਦਾਕਾਰਾ ਸੁਸ਼ਮਿਤਾ ਸੇਨ ਦਾ ਭਰਾ ਰਾਜੀਵ ਸੇਨ ਬੌਲੀਵੁੱਡ ’ਚ ਆਪਣੀ ਕਿਸਮਤ ਅਜ਼ਮਾਉਣ ਜਾ ਰਿਹਾ ਹੈ। ਉਹ ‘ਇਤੀ: ਕੈਨ ਯੂ ਸੋਲਵ ਯੂਅਰ ਓਨ ਮਰਡਰ’ ’ਚ ਦਿਖਾਈ ਦੇਵੇਗਾ। ਫਿਲਮ ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਨੇ ਕੀਤਾ ਜਿਸ ’ਚ ਵਿਵੇਕ ਆਨੰਦ ਓਬਰਾਏ ਨੇ ਵੀ ਭੁਮਿਕਾ ਨਿਭਾਈ ਹੈ। ਰਾਜੀਵ ਨੇ ਕਿਹਾ,‘‘ਦਰਸ਼ਕ ਸਿਰਫ਼ ਮੇਰੀ ਐਕਟਿੰਗ ਨਾ ਦੇਖਣ ਸਗੋਂ ਮੇਰੇ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਵੀ ਮਹਿਸੂਸ ਕਰਨ। ਡਾਇਰੈਕਟਰ ਵਿਸ਼ਾਲ ਮਿਸ਼ਰਾ ਮੈਨੂੰ ਚੰਗੀ ਤਿਆਰੀ ਕਰਵਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਉਹ ਕਿਰਦਾਰ ਨੂੰ ਡੂੰਘਾਈ ਨਾਲ ਸਮਝਣ ਲਈ ਕਈ ਫਿਲਮਾਂ ਦੇਖ ਰਹੇ ਹਨ। ਉਸ ਨੇ ਭੈਣ ਸੁਸ਼ਮਿਤਾ ਨੂੰ ਆਪਣੀ ਪ੍ਰੇਰਣਾ ਦੱਸਿਆ। ‘ਭੈਣ ਦੀ ਸਲਾਹ ਹਮੇਸ਼ਾ ਸਿੱਧੀ-ਸਾਦੀ ਹੁੰਦੀ ਹੈ ਪਰ ਢੁਕਵੀਂ ਹੁੰਦੀ ਹੈ। ਉਸ ਨੇ ਮੈਨੂੰ ਨਿਸ਼ਾਨਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ।’ ਫਿਲਮ ਦਾ ਹੁਣੇ ਜਿਹੇ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਫਿਲਮ ਰਾਹੀਂ ਰਾਜੇਸ਼ ਰੌਸ਼ਨ ਸੰਗੀਤਕਾਰ ਵਜੋਂ ਮੁੜ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਹਨ। ਫਿਲਮ ਇਕ ਮਹਿਲਾ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੀ ਹੱਤਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਦੀ ਸ਼ੂਟਿੰਗ ਸਤੰਬਰ ਜਾਂ ਅਕਤੂਬਰ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਦਕਿ ਇਹ 2021 ਦੀ ਪਹਿਲੀ ਤਿਮਾਹੀ ’ਚ ਰਿਲੀਜ਼ ਹੋਵੇਗੀ। -ਆਈਏਐਨਐਸ