ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੁਲਾਈ
ਸੂਬਾ ਸਰਕਾਰ ਵੱਲੋਂ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀ ਤਰਜ਼ ’ਤੇ ਤਨਖਾਹ ਸਕੇਲ ਦੇਣ ਦੇ ਲਏ ਗਏ ਫ਼ੈਸਲੇ ਦੇ ਖ਼ਿਲਾਫ਼ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਮੰਚ ਪੰਜਾਬ ਵੱਲੋਂ ਦਿੱਤੇ ਗਏ ਸੱਦੇ ਤਹਿਤ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ ਵਿਚ ਸਰਕਾਰ ਖ਼ਿਲਾਫ਼ ਘੜੇ ਭੰਨ ਰੈਲੀਆਂ ਕੀਤੀਆਂ। ਇਹ ਸਿਲਸਿਲਾ ਹਫ਼ਤਾ ਭਰ ਜਾਰੀ ਰਹੇਗਾ।
ਇਸੇ ਦੌਰਾਨ ਪਟਿਆਲਾ ’ਚ ਮੁਲਾਜ਼ਮਾਂ ਵੱਲੋਂ ਘੜੇ ਭੰਨ ਰੈਲੀਆਂ ਸਮੇਤ ਅਜਿਹੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਮੁਲਾਜ਼ਮ ਨੇ ਇਸ ਫ਼ੈਸਲੇ ਨੂੰ ਕਾਨੂੰਨੀ ਅਤੇ ਤਕਨੀਕੀ ਤੌਰ ’ਤੇ ਗਲਤ ਕਰਾਰ ਦਿੰਦਿਆਂ ਕਿਹਾ ਕਿ ਇੱਕੋ ਮਾਮਲੇ ’ਤੇ ਦੋ ਨੁਕਤੇ ਲਾਗੂ ਨਹੀਂ ਹੋ ਸਕਦੇ। ਪੀ.ਡਬਲਿਊ.ਡੀ., ਬੀ.ਐਂਡਆਰ. (ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ) ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਜਲ ਸਰੋਤ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਖੁਸ਼ਵਿੰਦਰ ਕਾਪਿਲਾ ਅਤੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਇਸ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਜਤਾਇਆ।
ਇਸੇ ਤਰ੍ਹਾਂ ‘ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ’ ਦੀ ਬ੍ਰਾਂਚ ਸਰਕਾਰੀ ਮੈਡੀਕਲ/ ਡੈਂਟਲ ਕਾਲਜ ਤੇ ਰਜਿੰਦਰਾ ਹਸਪਤਾਲ/ ਟੀ.ਬੀ. ਹਸਪਤਾਲ ਦੇ ਵੱਖ ਵੱਖ ਵਰਗਾਂ ਸਮੇਤ ਕੰਟਰੈਕਟ ਕਰਮਚਾਰੀਆਂ ਵੱਲੋਂ ਪ੍ਰਧਾਨ ਰਾਮ ਕਿਸ਼ਨ ਸਮੇਤ ਵਿਕਰਮ, ਰਜਨੀਸ਼ ਕੁਮਾਰ, ਪੱਪੂ, ਕੁਲਵਿੰਦਰ ਸਿੰਘ ’ਤੇ ਆਧਾਰਤ ਪੰਜ ਮੈਂਬਰੀ ਜਥੇ ਨੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਅੱਗੇ ਘੜੇ ਭੰਨ ਕੇ ਰੈਲੀ ਅਤੇ ਮੈਡੀਕਲ ਕਾਲਜ ਤੱਕ ਰੋਸ ਮਾਰਚ ਕੀਤਾ। ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਰਾਮ ਕਿਸ਼ਨ ਨੇ ਕਿਹਾ ਕਿ ਅਜੇ ਤਾਂ ਛੇਵੇਂ ਤਨਖਾਹ ਕਮਿਸ਼ਨ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਤੇ ਸਰਕਾਰ ਨਵੇਂ ਮੁਲਾਜ਼ਮਾਂ ’ਤੇ ਕੇਂਦਰ ਦਾ ਸੱਤਵਾਂ ਪੇ ਸਕੇਲ ਲਾਗੂ ਕਰਨ ਚੱਲੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੀ.ਡਬਲਿਊ.ਡੀ ਤੇ ਵਰਕਸ਼ਾਪ ਮੁਲਾਜ਼ਮ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵੱਲੋਂ ਅੱਜ ਜ਼ੋਨ ਪ੍ਰਧਾਨ ਜਸਵੀਰ ਸਿੰਘ ਖੋਖਰ ਅਤੇ ਬਰਾਂਚ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਜਲ ਸਪਲਾਈ ਵਿਭਾਗ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ’ਚ ਸ਼ਾਮਲ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਨੇ ਪੰਜਾਬ ਸਰਕਾਰ ਵੱਲੋਂ ਪੇਅ ਸਕੇਲਾਂ ’ਤੇ ਕੈਂਚੀ ਫੇਰਨ, ਪੁਨਰਗਠਨ ਦੇ ਨਾਂ ਹੇਠ ਸਮੁੱਚੇ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ ਦਾ ਅਕਾਰ ਘੱਟ ਕਰਨ, ਹਜ਼ਾਰਾਂ ਰੈਗੂਲਰ ਪੋਸਟਾਂ ’ਤੇ ਕੱਟ ਲਾਉਣ ਅਤੇ ਮੁਲਾਜ਼ਮਾਂ ਨੂੰ ਨਿਕੰਮੇ ਸਾਬਤ ਕਰਨ ਦਾ ਪੱਤਰ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਉਕਤ ਪੱਤਰ ਵਾਪਸ ਲਏ ਜਾਣ। ਇਸ ਦੌਰਾਨ ਜੰਗਲਾਤ ਵਰਕਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਵੱਲੋਂ ਵੀ ਜੰਗਲਾਤ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਅੱਗੇ ਸੂਬਾਈ ਆਗੂ ਜਸਵਿੰਦਰ ਸਿੰਘ ਸੋਜਾ ਤੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਬੰਸੁਦਾ ਦੀ ਅਗਵਾਈ ’ਚ ਰੋਸ ਮੁਜ਼ਾਹਰਾ ਕੀਤਾ ਗਿਆ।