ਮਿਹਰ ਸਿੰਘ
ਕੁਰਾਲੀ, 27 ਜੂਨ
ਕੁਰਾਲੀ-ਰੂਪਨਗਰ ਬਾਈਪਾਸ ’ਤੇ ਸਰਵਿਸ ਰੋਡ ਨੂੰ ਵਪਾਰੀਆਂ ਵਲੋਂ ਫਸਲਾਂ ਸੁਕਾਉਣ ਲਈ ਫੜ੍ਹ ਵਜੋਂ ਵਰਤਿਆ ਜਾ ਰਿਹਾ ਹੈ। ਇਸ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਸੁੱਕਣੇ ਪਾਈ ਮੱਕੀ ਦੀ ਫਸਲ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਤੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸ਼ਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ।
ਵੇਰਵਿਆਂ ਅਨੁਸਾਰ ਬਡਾਲੀ ਰੋਡ ਦੇ ਫਲਾਈਓਵਰ ਨੇੜੇ ਅਤੇ ਪਿੰਡ ਚਰਹੇੜੀ ਤੋਂ ਸ਼ਹਿਰ ਦੀ ਪਪਰਾਲੀ ਰੋਡ ਨੂੰ ਜੋੜਨ ਵਾਲੀ ਲਿੰਕ ਸੜਕ ਤੱਕ ਦੋਵੇਂ ਥਾਵਾਂ ਉਤੇ ਬਾਈਪਾਸ ਦੇ ਨਾਲ ਸਰਵਿਸ ਰੋਡ ਬਣਾਈ ਗਈ ਹੈ। ਸ਼ਹਿਰ ਦੇ ਵਪਾਰੀਆਂ ਵਲੋਂ ਇਨ੍ਹਾਂ ਸਰਵਿਸ ਸੜਕਾਂ ਨੂੰ ਆਪਣੀਆਂ ਫਸਲਾਂ ਸੁਕਾਉਣ ਲਈ ਵਰਤਿਆ ਜਾ ਰਿਹਾ ਹੈ।
ਹਾਈਵੇ ਦੇ ਬਾਈਪਾਸ ਨਾਲ ਲੱਗਦੇ ਪਿੰਡਾਂ ਭਾਗੋਵਾਲ, ਪਪਰਾਲੀ, ਚਰਹੇੜੀ ਅਤੇ ਬਡਾਲੀ ਦੇ ਵਸਨੀਕਾਂ ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਪ੍ਰੇਮ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਵਪਾਰੀਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਕਾਰਨ ਇਨਾਂ ਸੜਕਾਂ ’ਤੇ ਆਵਾਜਾਈ ਠੱਪ ਜਾਂਦੀ ਹੈ। ਊਨ੍ਹਾਂ ਕਿਹਾ ਕਿ ਮੱਕੀ ਉੱਤੇ ਆਉਂਦੇ ਪੰਛੀ ਅਤੇ ਪਸ਼ੂ ਹਾਦਸਿਆਂ ਦਾ ਕਾਰਨ ਬਣਦੇ ਹਨ।
ਹਾਈਵੇਅ ਅਥਾਰਿਟੀ ਵੱਲੋਂ ਕਾਰਵਾਈ ਦਾ ਭਰੋਸਾ
ਕੌਮੀ ਮਾਰਗ ਅਥਾਰਿਟੀ ਦੇ ਮੈਨੇਜਰ ਕੇਐਲ ਸਚਦੇਵਾ ਨੇ ਸੜਕ ਨੂੰ ਫਸਲਾਂ ਸੁਕਾਉਣ ਲਈ ਵਰਤੇ ਜਾਣ ਨੂੰ ਗਲਤ ਰੁਝਾਨ ਦੱਸਦਿਆਂ ਇਸ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸੇ ਦੌਰਾਨ ਸਥਾਨਕ ਮਾਰਕੀਟ ਕਮੇਟੀ ਦੇ ਸਕੱਤਰ ਹਰਿੰਦਰਪਾਲ ਸਿੰਘ ਨੇ ਸਰਵਿਸ ਰੋਡ ਨੂੰ ਫੜ੍ਹ ਵਜੋਂ ਵਰਤੇ ਜਾਣ ਸਬੰਧੀ ਅਣਜਾਣ ਹੋਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਆੜ੍ਹਤੀਆਂ ਨੂੰ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਜਾਵੇਗੀ।