ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ ):
ਇੱਥੋਂ ਦੇ ਅਰਾਮ ਘਰ ਵਿੱਚ ਸ਼ਿਵਾਲਿਕ ਵਿਕਾਸ ਮੰਚ ਦੇ ਪ੍ਰਧਾਨ ਵਿਜੈ ਬਾਂਸਲ ਦੀ ਅਗਵਾਈ ਹੇਠ ਬੈਠਕ ਹੋਈ। ਬੈਠਕ ਵਿੱਚ ਨਰਾਇਣਗੜ੍ਹ ਜ਼ਿਲ੍ਹਾ ਬਣਾਓ ਸੰਘਰਸ਼ ਸਮਿਤੀ ਦੇ ਆਗੂ ਵੀ ਹਾਜ਼ਰ ਸਨ। ਵਿਜੈ ਬਾਂਸਲ ਨੇ ਕਿਹਾ ਕਿ ਨਰਾਇਣਗੜ੍ਹ ਉਪਮੰਡਲ ਹਰਿਆਣਾ ਦਾ ਸਬ ਤੋਂ ਪੁਰਾਣਾ ਉਪ ਮੰਡਲ ਹੈ ਜਿਸ ਦੀ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਨੇ ਅਣਦੇਖੀ ਕੀਤੀ ਹੈ ਜਦਕਿ ਹੋਰ ਉਪ ਮੰਡਲਾਂ ਨੂੰ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਰਾਇਣਗੜ੍ਹ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਲੋਕ ਲੰਮੇਂ ਸਮੇਂ ਤੋਂ ਮੰਗ ਕਰ ਰਹੇ ਹਨ ਅਤੇ ਇਸ ਲਈ ਸੰਘਰਸ਼ ਵੀ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਿਵਾਲਿਕ ਵਿਕਾਸ ਮੰਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ਦਾ ਇੱਕ ਮੌਮੋਰੰਡਮ ਭੇਜ ਕੇ ਮੰਗ ਕਰਦਾ ਹੈ ਕਿ ਇਸ ਨੂੰ ਜ਼ਿਲ੍ਹਾ ਬਣਾਇਆ ਜਾਵੇ। ਸੰਘਰਸ਼ ਸਮਿਤੀ ਦੇ ਆਗੂ ਸਦੀਕ ਚੌਹਾਨ ਦਾ ਕਹਿਣਾ ਸੀ ਕਿ ਨਰਾਇਣਗੜ੍ਹ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ ਤਾਂ ਜਨਹਿੱਤ ਵਿੱਚ ਇੱਕ ਮਿਸਾਲ ਕਾਇਮ ਹੋਣ ਨਾਲ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।