ਨਵੀਂ ਦਿੱਲੀ, 27 ਜੂਨ
ਭਾਰਤ ਤੇ ਚੀਨ ਦੇ ਦੁਵੱਲੇ ਸਬੰਧ ਵਿਗੜਨ ਦੇ ਬਾਵਜੂਦ ਭਾਰਤ ਵਿੱਚ ਰਹਿੰਦੇ ਚੀਨੀ ਮੂਲ ਦੇ ਲੋਕਾਂ ’ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ ਹੈ। ਸੂਤਰਾਂ ਅਨੁਸਾਰ ਬੇਸ਼ੱਕ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਚੀਨੀ ਫ਼ੌਜ ਨਾਲ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਹਨ ਪਰ ਇਸ ਦਾ ਉਨ੍ਹਾਂ ਉਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਅਨੁਮਾਨਿਤ ਤੌਰ ’ਤੇ ਭਾਰਤ ਵਿੱਚ ਚੀਨੀ ਮੂਲ ਦੇ ਕਰੀਬ 20,000 ਲੋਕ ਰਹਿੰਦੇ ਹਨ। ਹਾਲਾਂਕਿ, ਉਨ੍ਹਾਂ ਵਿੱਚੋਂ ਕਈ ਜਨਵਰੀ ਵਿੱਚ ਨਵਾਂ ਸਾਲ ਮਨਾਉਣ ਲਈ ਚੀਨ ਵਾਪਸ ਚਲੇ ਗਏ ਸਨ ਤੇ ਉਸ ਤੋਂ ਬਾਅਦ ਕਰੋਨਾਵਾਇਰਸ ਮਹਾਮਾਰੀ ਫੈਲਣ ਕਰ ਕੇ ਉਹ ਭਾਰਤ ਨਹੀਂ ਆ ਸਕੇ। ਚੀਨੀ ਲੋਕ ਜੋ ਵਾਪਸ ਆਪਣੇ ਘਰਾਂ ਨੂੰ ਨਹੀਂ ਮੁੜੇ ਅਤੇ ਭਾਰਤ ’ਚ ਹੀ ਰਹਿ ਰਹੇ ਹਨ, ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਇੱਥੇ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਉਨ੍ਹਾਂ ਦਾ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ। ਇਕ ਵਿਸ਼ਲੇਸ਼ਕ ਨੇ ਕਿਹਾ, ‘‘ਭਾਰਤ ਵਿੱਚ ਰਹਿਣ ਦੇ ਹਾਲਾਤ, ਨਿੱਜੀ ਤੇ ਰਾਜਨੀਤਕ ਆਜ਼ਾਦੀ ਮੁੱਖ ਥੰਮ੍ਹ ਹਨ। ਦੋ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਕੰਪਨੀਆਂ ’ਚ ਕੰਮ ਕਰ ਰਹੇ ਚੀਨੀ ਲੋਕ ਇੱਥੇ ਕੰਮ ਕਰਨ ਦੇ ਇੱਛੁਕ ਹਨ। ਏਸ਼ੀਅਨ ਕਮਿਊਨਿਟੀ ਨਿਊਜ਼ ਦੇ ਸੰਪਾਦਕ ਸੰਜੀਵ ਕੁਮਾਰ ਆਹੂਜਾ ਨੇ ਕਿਹਾ ਕਿ ਛੁੱਟੀਆਂ ਲਈ ਚੀਨ ਵਾਪਸ ਗਏ ਚੀਨੀ ਲੋਕ ਜਲਦੀ ਤੋਂ ਜਲਦੀ ਭਾਰਤ ਆ ਕੇ ਆਪਣੇ ਕੰਮਾਂ ’ਤੇ ਲੱਗਣ ਦੇ ਚਾਹਵਾਨ ਹਨ।