ਫ਼ੀਸਾਂ ਦਾ ਮਸਲਾ ਅਤੇ ਪ੍ਰਾਈਵੇਟ ਸਕੂਲ
ਮੰਡੀ ਗੋਬਿੰਦਗੜ੍ਹ ਦੇ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਨੂੰ ਫ਼ੀਸ ਨਾ ਦੇ ਸਕਣ ਕਰ ਕੇ ਸਕੂਲ ਦੇ ਆਨਲਾਈਨ ਸਟੱਡੀ ਲਈ ਬਣਾਏ ਗਏ ਵ੍ਹਟਸਐਪ ਗਰੁੱਪ ਵਿਚੋਂ ਬਾਹਰ ਕੱਢਣ ਦੀ ਖ਼ਬਰ ਨੇ ਇਹ ਸਾਬਿਤ ਕਰ ਦਿੱਤਾ ਕਿ ਪ੍ਰਾਈਵੇਟ ਸਕੂਲ ਆਪਣੇ ਆਦਰਸ਼ਾਂ ਤੋਂ ਬੇਮੁੱਖ ਹੋ ਰਹੇ ਹਨ। ਕਰੋਨਾ ਮਹਾਮਾਰੀ ਕਾਰਨ ਆਰਥਿਕ ਮੰਦਹਾਲੀ ਦੇ ਦਿਨਾਂ ਵਿਚ ਜਿੱਥੇ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਵਸੂਲਣ ਦੀ ਬਜਾਇ ਬੱਚਿਆਂ ਦੀ ਪੜ੍ਹਾਈ ਨੂੰ ਤਰਜੀਹ ਦੇਣੀ ਬਣਦੀ ਸੀ, ਉੱਥੇ ਇਸ ਦੇ ਉਲਟ ਮਾਪਿਆਂ ਉੱਪਰ ਫ਼ੀਸਾਂ ਜਮ੍ਹਾਂ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੇ ਭਾਵੇਂ ਸਬੰਧਿਤ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਹੈ ਅਤੇ ਇਹ ਪ੍ਰਾਈਵੇਟ ਸਕੂਲਾਂ ਲਈ ਚੰਗਾ ਸਬਕ ਵੀ ਸਾਬਿਤ ਹੋਵੇਗਾ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਸਿਰਫ਼ ਆਪਣੀਆਂ ਫ਼ੀਸਾਂ ਅਤੇ ਫੰਡ ਹੀ ਪਿਆਰੇ ਹਨ ? ਕੀ ਇਨ੍ਹਾਂ ਸਕੂਲਾਂ ਨੂੰ ਇਹ ਗੱਲ ਨਹੀਂ ਪਤਾ ਕਿ ਵਿੱਦਿਅਕ ਅਦਾਰੇ ਲਾਭ ਕਮਾਉਣ ਦੇ ਉਦੇਸ਼ ਨਾਲ ਨਹੀਂ ਚਲਾਏ ਜਾ ਸਕਦੇ। ਫ਼ੀਸਾਂ ਤਾਂ ਦੇਰ ਸਵੇਰ, ਮਾਪੇ ਹਾਲਾਤ ਠੀਕ ਹੋਣ ’ਤੇ ਦੇ ਹੀ ਦੇਣਗੇ ਪਰ ਫ਼ੀਸ ਨਾ ਦੇ ਸਕਣ ਕਰ ਕੇ ਕਿਸੇ ਬੱਚੇ ਨੂੰ ਪੜ੍ਹਾਈ ਤੋਂ ਵਾਂਝੇ ਕਰਨਾ ਕਿਸੇ ਵੀ ਲਿਹਾਜ ਸਹੀ ਨਹੀਂ।
ਯਸ਼ਪਾਲ ਮਾਹਵਰ, ਸ੍ਰੀ ਮੁਕਤਸਰ ਸਾਹਿਬ
ਰੱਬ ਦਾ ਰੂਪ ?
‘ਰੱਬ ਦੇ ਰੂਪ ਜੀ, ਚੌਕ ਵਿਚ ਆਓ’ (20 ਜੁਲਾਈ, ਪੰਨਾ 7, ਐੱਸਪੀ ਸਿੰਘ) ਲੇਖ ਪੜ੍ਹਿਆ। ਕਿਹੜਾ ਰੱਬ ਦਾ ਰੂਪ ? ਦੋ ਤੋਂ ਤਿੰਨ ਕਰੋੜ ਵਿਚ ਤਲਵਾੜ ਵਰਗੇ ਧੁਰੰਦਰਾਂ ਦੀ ਮਿਹਰਬਾਨੀ ਨਾਲ 8 ਤੋਂ 14 ਫ਼ੀਸਦੀ ਨੰਬਰਾਂ ਨਾਲ ਘੜੀ ਮੂਰਤੀ ਨੂੰ ਕਹਿੰਦੇ ਹੋ ਰੱਬ ਰੂਪ? 99 ਛੋਟੀਆਂ ਵੱਡੀਆਂ ਮੂਰਤੀਆਂ ਜਦ ਵੱਡੇ ਅਸਲੀ ਰੱਬਾਂ ਦੇ ਮਾੜੇ ਪ੍ਰਬੰਧ ਦੀ ਭੇਟ ਚੜ੍ਹ ਗਈਆਂ ਤਾਂ ਉਨ੍ਹਾਂ ਉਸੇ ਮੰਦਰ ਦੇ ਖੱਲ ਖੂੰਜੇ ਸੁੱਟ ਦਿੱਤਾ, ਕਿਉਂ ਜੋ ਮੰਦਰ ਉਨ੍ਹਾਂ ਵਾਸਤੇ ਨਹੀਂ, ਅਸਲੀ ਤਾਂ ਉਨ੍ਹਾਂ ਏਜੰਟਾਂ ਵਾਸਤੇ ਹੈ। ਨਕਾਰਾ ਹੋਣ ’ਤੇ ਕੋਵਿਡ ਦੀ ਭੇਟ ਚੜ੍ਹ ਗਏ ਤਾਂ ਕਿਸੇ ਨੂੰ ਅਗਨ ਭੇਟ ਜਾਂ ਜਲ ਪ੍ਰਵਾਹ ਜਾਂ ਜ਼ਮੀਨਦੋਜ਼ ਕਰ ਦਿੱਤਾ ! ਹਸਪਤਾਲ ਵਿਚ ਬੈੱਡ, ਆਕਸੀਜਨ, ਦਵਾਈਆਂ ਦੀਆਂ ਕੀਮਤਾਂ ਅਤੇ ਉਪਲੱਬਧਤਾ ਨੀਤੀ, ਇਹ ਮੂਰਤੀਆਂ ਤੈਅ ਨਹੀਂ ਕਰਦੀਆਂ ਬਲਕਿ ਸਿਆਸਤਦਾਨਾਂ ਤੇ ਅਫ਼ਸਰਸ਼ਾਹਾਂ ਦੇ ਭੇਸ ਵਿਚ ਬੈਠੇ ਅਸਲੀ ਵੱਡੇ ਰੱਬ ਕਰਦੇ ਨੇ। 200 ਵਾਲੀ ਘਟੀਆ ਟੈਸਟ ਕਿੱਟ 600 ਰੁਪਏ ਵਿਚ, ਵੈਂਟੀਲੇਟਰਾਂ ਦੀ ਥਾਂ ਐਂਬੂ ਬੈਗ, ਘਟੀਆ ਪੀਪੀਓ ਕਿੱਟਾਂ ਖ਼ਰੀਦਣ ਦਾ ਜੇਰਾ ਵੀ ਇਨ੍ਹਾਂ ਵੱਡੇ ਅਸਲੀ ਰੱਬਾਂ ਦਾ ਹੀ ਹੈ ਕਿ ਜੋ ਟੀਵੀ ਚੈਨਲਾਂ ਵਾਲੇ ਛੋਟੇ ਰੱਬ ਚੀਕ ਚੀਕ ਕੇ ਉਨ੍ਹਾਂ ਨੂੰ ਬਚਾ ਲੈਣਗੇ। ਇਸੇ ਕਰ ਕੇ ਤਾਂ ਦਵਾਈਆਂ ਅਤੇ ਸਾਜ਼ੋ-ਸਮਾਨ ਦੀ ਗੁਣਵੱਤਾ ਅਤੇ ਕੀਮਤਾਂ ਉੱਪਰ ਕੰਟਰੋਲ ਦੀ ਲੋੜ ਨਹੀਂ। ਅਸਲੀ ਵੱਡੇ ਰੱਬ ਨੂੰ ਅਜੇ ਰਾਜਸਥਾਨ, ਅਯੁੱਧਿਆ ਵਿਚੋਂ ਵਿਹਲ ਨਹੀਂ; ਤੁਸੀਂ ਬਚ ਗਏ ਪਰ ਅੱਗੇ ਨੂੰ ਕਦੀ ਮੁੱਲ ਦੀਆਂ ਮੂਰਤੀਆਂ ਨੂੰ ਰੱਬ ਕਹਿ ਕੇ ਅਸਲੀ ਰੱਬ ਦੀ ਤੌਹੀਨ ਕਰ ਬੈਠਣਾ।
ਪਿਆਰਾ ਲਾਲ ਗਰਗ, ਚੰਡੀਗੜ੍ਹ
ਆਟਾ ਗੁੰਨ੍ਹਣਾ ਆ ਗਿਆ
18 ਜੁਲਾਈ ਨੂੰ ਰਾਜ ਰਿਸ਼ੀ ਦਾ ਮਿਡਲ ‘ਪਾਪਾ ਨੂੰ ਆਟਾ ਗੁੰਨ੍ਹਣਾ ਆ ਗਿਆ’ ਵਧੀਆ ਲੱਗਾ। ਲੇਖ ਵਿਚ ਕਰੋਨਾ ਮਹਾਮਾਰੀ ਦੌਰਾਨ ਜੋ ਸਮਾਜਿਕ ਹਾਲਾਤ ਹਨ, ਉਨ੍ਹਾਂ ਬਾਰੇ ਬਾਖ਼ੂਬੀ ਵਿਅੰਗ ਕੀਤਾ ਗਿਆ ਹੈ। ਨਾਲ ਹੀ ਲੋਕਾਂ ਦੇ ਦੁੱਖ-ਦਰਦ ਅਤੇ ਹੋਰ ਮੁੱਦਿਆਂ ਵੱਲ ਧਿਆਨ ਦਿਵਾਇਆ ਹੈ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)
ਰਿਸ਼ਤੇ-ਨਾਤੇ
17 ਜੁਲਾਈ ਨੂੰ ਨਵਦੀਪ ਗਿੱਲ ਦਾ ਮਿਡਲ ‘ਰਿਸ਼ਤਿਆਂ ਦੀ ਦਾਸਤਾਨ’ ਖ਼ਾਸ ਹੈ। ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਬਾਰੇ ਜਿੰਨਾ ਵੀ ਲਿਖਿਆ ਜਾਵੇ, ਥੋੜ੍ਹਾ ਹੈ। ਲੇਖਕ ਨੇ ਲਿਖਿਆ ਹੈ ਕਿ ਉਨ੍ਹਾਂ ਨਾਲ ਕੋਈ ਵੀ ਆਸਾਨੀ ਨਾਲ ਨੇੜਤਾ ਬਣਾ ਸਕਦਾ ਸੀ, ਬਿਲਕੁਲ ਸਹੀ ਹੈ। ਉਨ੍ਹਾਂ ਦਾ ਆਪਣੇ ਕੇਅਰਟੇਕਰ ਗੁਰਪ੍ਰੀਤ ਨਾਲ ਵੀ ਦੇਖੋ ਕਿਹੋ ਜਿਹਾ ਰਿਸ਼ਤਾ ਸੀ ਕਿ ਗੁਰਪ੍ਰੀਤ ਨੇ ਅੰਤਿਮ ਯਾਤਰਾ ਵਿਚ ਮੋਢਾ ਦਿੱਤਾ।
ਪੁਸ਼ਪਿੰਦਰਜੀਤ ਕੌਰ, ਚੰਡੀਗੜ੍ਹ
ਸੋਚ ਨੂੰ ਹਲੂਣਾ
15 ਜੁਲਾਈ ਨੂੰ ਸਵਰਾਜਬੀਰ ਦਾ ਮਿਡਲ ‘ਵਰਵਰਾ ਰਾਓ ਇਕ ਵਿਚਾਰ ਦਾ ਨਾਂ’ ਛਪਿਆ ਹੈ। ਇਹ ਵਿਚਾਰ ਲੋਕਤਾ ਦੀ ਸੋਚ ਨੂੰ ਹਲੂਣਦਾ ਹੈ। ਵਰਵਰਾ ਰਾਓ ਦੀ ਕਵਿਤਾ ਅਤੇ ਸੰਘਰਸ਼ ਵਾਲੀ ਜ਼ਿੰਦਗੀ ਪ੍ਰੇਰਨਾ ਦੇਣ ਵਾਲੀ ਹੈ। ਮਿਡਲ ਵਿਚ ਇਨਕਲਾਬੀ ਸ਼ਾਇਰ ਲਾਲ ਸਿੰਘ ਦਿਲ ਦਾ ਜ਼ਿਕਰ ਕਰਨਾ ਬਹੁਤ ਢੁੱਕਵਾਂ ਹੈ।
ਤੇਜਾ ਸਿੰਘ, ਰੌਂਤਾ (ਮੋਗਾ)
ਹੋਰ ਵਰਵਰਾ ਰਾਓ
14 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਨੇ ‘ਖੇਤ ਸੌਂ ਰਹੇ ਹਨ!’ ਵਿਚ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਲੋਕਾਂ ਦੇ ਸੰਘਰਸ਼ ਦੀ ਜੋ ਗੱਲ ਕੀਤੀ ਹੈ, ਅੱਜ ਫਿਰ ਉਸੇ ਸੰਘਰਸ਼ ਦੀ ਜ਼ਰੂਰਤ ਹੈ। ਸਰਕਾਰ ਦੀਆਂ ਆਵਾਜ਼ ਦਬਾਉਣ ਵਾਲੀਆਂ ਨੀਤੀਆਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਕੀ ਆਉਣ ਵਾਲੇ ਸਮੇਂ ਵਿਚ ਕੋਈ ਹੋਰ ਵਰਵਰਾ ਰਾਓ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਵਾਂਗ ਬਣਨ ਦੀ ਹਿੰਮਤ ਕਰੇਗਾ ?
ਅਰਸ਼ਦੀਪ ਕੌਰ ਬਾਵਾ, ਤਪਾ ਮੰਡੀ (ਬਰਨਾਲਾ)
(2)
‘ਖੇਤ ਸੌਂ ਰਹੇ ਹਨ!’ ਵਿਚ ਵਰਨਣ ਕੀਤਾ ਗਿਆ ਹੈ ਕਿ ਮੌਜੂਦਾ ਸਰਕਾਰ ਨੇ ਕਿਸ ਤਰ੍ਹਾਂ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਸਮਾਜਿਕ ਕਾਰਕੁਨਾਂ, ਲੇਖਕਾਂ, ਕਵੀਆਂ, ਕਲਾਕਾਰਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ਜੇਲ੍ਹਾਂ ਵਿਚ ਡੱਕਿਆ ਹੈ। ਅਜਿਹੀਆਂ ਕਾਰਵਾਈਆਂ ਤੋਂ ਸਰਕਾਰ ਦੀਆਂ ਮਨਸ਼ਾ ਦਾ ਸਾਫ਼ ਪਤਾ ਲੱਗਦਾ ਹੈ ਕਿ ਸਰਕਾਰ ਹਰ ਉਸ ਆਵਾਜ਼ ਨੂੰ ਦਬਾਉਣ ਨੂੰ ਯਤਨਸ਼ੀਲ ਹੈ ਜੋ ਲੋਕਪੱਖੀ ਅਤੇ ਸਰਕਾਰ ਵਿਰੋਧੀ ਹੈ।
ਗਗਨਦੀਪ ਸਿੰਘ ਸਰਾਂ, ਮੁੱਲਾਂਪੁਰ
(3)
ਸਵਰਾਜਬੀਰ ਨੇ ਲੇਖ ਦੇ ਅੰਤ ਵਿਚ ‘ਖੇਤਾਂ ਨੇ ਕੀ ਸੌਣਾ ਹੈ, ਸੁੱਤੇ ਤਾਂ ਅਸੀਂ ਪਏ ਹਾਂ’’ ਕਹਿ ਕੇ ਬਹੁਤ ਕੁਝ ਕਹਿ ਦਿੱਤਾ ਹੈ। ਇਹ ਕੁਸੈਲੀ ਹਕੀਕਤ ਹੈ ਕਿ ਲੋਕਾਂ ਲਈ ਜ਼ਿੰਦਗੀ ਲੇਖੇ ਲਾਉਣ ਵਾਲਿਆਂ ਨੂੰ ਭੀੜ ਪੈਣ ’ਤੇ ਅਕਸਰ ਲੋਕ ‘ਆਪਾਂ ਨੂੰ ਕੀ’ ਵਾਲੀ ਸੋਚ ਤਹਿਤ ਚੁੱਪ ਰਹਿੰਦੇ ਹਨ। ਇਸੇ ਕਰ ਕੇ ਸਰਕਾਰਾਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਵਿਚ ਸਫ਼ਲ ਹੋ ਜਾਂਦੀਆਂ ਹਨ।
ਜਗਮੋਹਨ ਸਿੰਘ ਲੱਕੀ, ਪਟਿਆਲਾ