ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 2 ਜੂਨ
ਮੁੱਖ ਅੰਸ਼
- w ਕਲਾਕਾਰਾਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ
ਰੰਗਕਰਮੀਆਂ ਨੇ ਅੱਜ ਸੁੰਨੇ ਸਾਜ਼ ਸੁਣੇ ਸਰਕਾਰ ਨਾਅਰੇ ਹੇਠ ਦੇਸ਼ ਵਿਆਪੀ ਸੱਦੇ ਉੱਤੇ ਇੱਥੋਂ ਦੇ ਸਿਲਵੀ ਪਾਰਕ ਦੇ ਓਪਨ ਏਅਰ ਥੀਏਟਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਨਾਟਕਕਾਰ ਡਾ. ਸਾਹਿਬ ਸਿੰਘ ਨੇ ਆਖਿਆ ਕਿ ਰੰਗਕਰਮੀਆਂ ਅਤੇ ਕਲਾਕਾਰਾਂ ਦੀ ਆਰਥਿਕਤਾ ਨਾਟਕਾਂ ਅਤੇ ਹੋਰ ਸੱਭਿਆਚਾਰਕ ਕਾਰਜਾਂ ਉੱਤੇ ਜੁੜੀ ਹੁੰਦੀ ਹੈ। ਲੌਕਡਾਊਨ ਕਾਰਨ ਸਮੁੱਚਾ ਕੰਮ ਬੰਦ ਪਿਆ ਹੈ ਤੇ ਨਾਟਕਾਂ ਨਾਲ ਜੁੜੇ ਕਲਾਕਾਰ ਮੰਦਹਾਲੀ ਨਾਲ ਜੂਝ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਐਮਰਜੈਂਸੀ ਹਾਲਾਤ ਨੂੰ ਵੇਖਦਿਆਂ ਰੰਗ ਮੰਚ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ। ਡਾ. ਆਤਮਜੀਤ, ਸੰਗੀਤਾ ਗੁਪਤਾ, ਅਨੀਤਾ ਸਬਦੀਸ਼, ਪ੍ਰਵੀਨ ਜੱਗੀ, ਸੰਜੀਵਨ ਸਿੰਘ, ਨਰਿੰਦਰ ਨੀਨਾ, ਡਾ. ਕੁਲਵੀਰ ਵਿਰਕ, ਇਕੱਤਰ ਸਿੰਘ, ਰਾਜਿੰਦਰ ਰੋਜ਼ੀ, ਜ਼ੁਬਿਨ ਮਹਿਤਾ, ਪਦਮ ਸਿੰਧਰਾ ਨੇ ਘਰਾਂ ਤੋਂ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਚੰਡੀਗੜ੍ਹ (ਪੱਤਰ ਪ੍ਰੇਰਕ): ਸੁਚੇਤਕ ਰੰਗਮੰਚ ਵੱਲੋਂ ਸੈਕਟਰ 43-ਬੀ ਦੀ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਦੇ ਬਾਹਰਵਾਰ ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਹੱਥਾਂ ਵਿੱਚ ਆਪਣੇ ਸਾਜ਼ ਆਦਿ ਫੜ ਕੇ ਕਲਾਕਾਰਾਂ ਨੇ ਸਮੱਸਿਆ ਦੇ ਇਜ਼ਹਾਰ ਲਈ ਰੋਟੀ ਨੂੰ ਮਾਸਕ ਵਾਂਗ ਲਗਾ ਕੇ ਕਲਾਕਾਰਾਂ ਦੇ ਜੀਵਨ ਦੀ ਹੋਂਦ ਨੂੰ ਖ਼ਤਰੇ ਦੇ ਸੰਕੇਤ ਵਜੋਂ ਪੇਸ਼ ਕੀਤਾ। ਇਸ ਮੌਕੇ ਸ਼ਬਦੀਸ਼ ਨੇ ਖ਼ਾਸ ਮੌਕੇ ਲਈ ਤਿਆਰ ਕੀਤੀ ਗ਼ਜ਼ਲ ਸਾਂਝੀ ਕੀਤੀ।
ਬਿਜਲੀ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨ
ਪੀਐਸਈਬੀ ਇੰਪਲਾਇਜ਼ ਫੈਡਰੇਸ਼ਨ ਏਟਕ ਦੇ ਕਰਮਚਾਰੀਆਂ ਵੱਲੋਂ ਸਬ ਡਵੀਜ਼ਨ ਬਨੂੜ ਵਿਚ ਰੋਸ ਰੈਲੀ ਕੀਤੀ ਗਈ। ਉਨ੍ਹਾਂ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ ਪੇਸ਼ ਕਰਨ ਦੇ ਵਿਰੋਧ ਵਿਚ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਾ ਦਿਵਸ ਮਨਾਇਆ। ਰੈਲੀ ਨੂੰ ਬਨੂੜ ਖੇਤਰ ਦੇ ਪ੍ਰਧਾਨ ਅਮਰ ਨਾਥ ਅਤੇ ਸਕੱਤਰ ਜਗਤਾਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਦੀ ਆੜ ਵਿਚ ਸਾਰਾ ਬਿੱਲ ਜਿਵੇਂ ਕਿ ਜਨਰੇਸ਼ਨ, ਟਰਾਂਸਮਿਸ਼ਨ, ਡਿਸਟ੍ਰੀਬਿਊਸ਼ਨ ਦਾ ਕੰਮ ਵੱਡੇ ਸਰਮਾਏਦਾਰਾਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ।