ਖ਼ੁਦ ਨੂੰ ਹਮੇਸ਼ਾ ਜਵਾਨ ਸਮਝੋ
ਪ੍ਰਿੰ. ਸਰਵਣ ਸਿੰਘ ਦੀ ਰਚਨਾ ਉਮਰ ਦੇ ਅੱਸੀ ਸਾਲ ਪੜ੍ਹੀ। ਸਾਡੇ ਪੁਲੀਸ ਮਹਿਕਮੇ ਵਿਚ ਭਾਵੇਂ ਕੋਈ ਛੋਟੀ ਉਮਰ ਦਾ ਹੋਵੇ ਜਾਂ ਵਡੇਰੀ ਉਮਰ ਦਾ, ਜਵਾਨ ਹੀ ਕਿਹਾ ਜਾਂਦਾ ਹੈ। ਇਸ ਨਾਲ ਮਨੋਬਲ ਵਧਦਾ ਹੈ ਤੇ ਬੰਦਾ ਹਮੇਸ਼ਾ ਜਵਾਨ ਬਣਿਆ ਰਹਿੰਦਾ ਹੈ। ਇਹ ਤੁਹਾਡੀ ਦਿਲ ਦੀ ਧਾਰਨਾ ਹੀ ਤੁਹਾਨੂੰ ਬੁੱਢਾ ਬਣਾਉਂਦੀ ਹੈ। ਜੇ ਤੁਸੀਂ ਲੇਖਕ ਵਾਂਗ ਆਰਟੀਕਲ, ਕਿਤਾਬਾਂ ਲਿਖਦੇ ਰਹੋਗੇ ਤਾਂ ਆਪਣੇ ਆਪ ਨੂੰ ਬਿਜ਼ੀ ਰੱਖੋਗੇ। ਪਾਠਕਾਂ ਤੇ ਤੁਹਾਨੂੰ ਫ਼ੋਨ ਆਉਣਗੇ, ਤੁਸੀਂ ਅੱਸੀ ਸਾਲ ਦੇ ਵੀ ਜਵਾਨ ਬਣੇ ਰਹੋਗੇ। ਪਰ ਸਾਡੀ ਨੌਜਵਾਨ ਪੀੜ੍ਹੀ ਕਿਤਾਬਾਂ, ਅਖ਼ਬਾਰਾਂ ਤੋਂ ਕੋਹਾਂ ਦੂਰ ਜਾ ਮੋਬਾਈਲ ਦੀ ਦੁਨੀਆ ਵਿਚ ਗਵਾਚ ਮਨੋਰੋਗੀ ਹੋ ਰਹੀ ਹੈ। ਨੌਜਵਾਨਾਂ ਨੂੰ ਕਿਤਾਬਾਂ ਦੀ ਚੇਟਕ ਲੱਗ ਜਾਵੇ ਤਾਂ ਉਹ ਲੇਖਕ ਵਾਂਗ ਉਮਰ ਦੇ ਅੱਸੀ ਸਾਲ ਪੂਰੇ ਹੋਣ ’ਤੇ ਵੀ ਜਵਾਨ ਬਣੇ ਰਹਿਣਗੇ ਅਤੇ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਸਕਣਗੇ। ਇਸ ਕਰਕੇ ਸਦਾ ਆਪਣੇ ਆਪ ਨੂੰ ਜਵਾਨ ਸਮਝੋ।
ਗੁਰਮੀਤ ਸਿੰਘ ਵੇਰਕਾ, ਈਮੇਲ
ਪ੍ਰਾਈਵੇਟ ਸਕੂਲਾਂ ਦਾ ਮਸਲਾ
8 ਜੁਲਾਈ ਨੂੰ ਗੁਰਦੀਪ ਸਿੰਘ ਢੁੱਡੀ ਨੇ ਆਪਣੇ ਲੇਖ ‘ਸਿੱਖਿਆ, ਸਰਕਾਰ ਤੇ ਪ੍ਰਾਈਵੇਟ ਸਕੂਲਾਂ ਦਾ ਮਸਲਾ’ ਵਿਚ ਗੰਭੀਰ ਮੁੱਦਾ ਉਠਾਇਆ ਹੈ। ਪ੍ਰਾਈਵੇਟ ਸਕੂਲ ਅੰਗਰੇਜ਼ੀ ਸਕੂਲਾਂ ਦੇ ਨਾਂ ਹੇਠ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੇ ਹਨ। ਲੇਖਕ ਨੇ ਜਾਣਕਾਰੀ ਨੂੰ ਵਿਸਥਾਰਪੂਰਵਕ ਬਿਆਨਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬੱਚਿਆਂ ਦੇ ਮਾਪੇ ਵੀ ਜਾਣੂ ਹਨ। ਮੋਬਾਈਲਾਂ ’ਤੇ ਚੱਲ ਰਹੀ ਪੜ੍ਹਾਈ ਤੇ ਸਕੂਲਾਂ ਵੱਲੋਂ ਉਗਰਾਹੀ ਜਾ ਰਹੀ ਟਿਊਸ਼ਨ ਫ਼ੀਸ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ। ਕਰੋਨਾ ਨੇ ਬੇਸ਼ੱਕ ਇਕ ਵਾਰ ਪੂਰੇ ਸੰਸਾਰ ਦਾ ਪਹੀਆ ਪੂਰੀ ਤਰ੍ਹਾਂ ਜਾਮ ਕਰ ਛੱਡਿਆ ਹੈ। ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਸ ਦਾ ਖ਼ਮਿਆਜ਼ਾ ਬੱਚਿਆਂ ਦੀ ਪੜ੍ਹਾਈ ਦੇ ਨਾਂ ’ਤੇ ਬੱਚਿਆਂ ਦੇ ਮਾਪਿਆਂ ਨੂੰ ਭੁਗਤਣਾ ਪਵੇ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
(2)
ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦਾ ਬੋਲਬਾਲਾ ਹੈ। ਪਿਛਲੇ ਸਾਲਾਂ ਵਿਚ ਵੀ ਏਦਾਂ ਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਕਿ ਫਲਾਣੇ ਸਕੂਲ ਵਿਚ ਨਰਸਰੀ ਦੇ ਬੱਚੇ ਦੀਆਂ ਕਿਤਾਬਾਂ ਪੰਤਾਲੀ ਸੌ ਦੀਆਂ ਹਨ। ਪਰ ਉਦੋਂ ਬਹੁਤੇ ਲੋਕਾਂ ਨੇ ਵਿਰੋਧ ਕਰ ਰਹੇ ਲੋਕਾਂ ਦਾ ਸਾਥ ਨਹੀਂ ਦਿੱਤਾ ਜਿਸ ਦੇ ਸਿੱਟੇ ਵਜੋਂ ਪ੍ਰਾਈਵੇਟ ਸਕੂਲਾਂ ਨੇ ਲੁੱਟ ਨੂੰ ਹੋਰ ਵਧਾਇਆ। ਮਾਪਿਆਂ ਨੇ ਵੀ ਆਪਣੀ ਇਸ ਵਿਚ ਸ਼ਾਨ ਸਮਝੀ ਕਿ ਸਾਡੇ ਬੱਚੇ ਮਹਿੰਗੀਆਂ ਕਿਤਾਬਾਂ ਪੜ੍ਹਦੇ ਹਨ ਅਤੇ ਮਹਿੰਗੇ ਸਕੂਲ ਵਿਚ ਜਾਂਦੇ ਹਨ। ਲੌਕਡਾਊਨ ਦੀ ਸਥਿਤੀ ਪੈਦਾ ਹੋਣ ਕਰਕੇ ਮਾਪਿਆਂ ਨੂੰ ਸਮਝ ਆਈ ਕਿ ਬਿਨਾਂ ਕੰਮ ਤੋਂ ਫ਼ੀਸਾਂ ਕਾਹਦੇ ਨਾਂ ਦੀਆਂ ਜਦੋਂ ਕਿ ਬਹੁਤੇ ਪ੍ਰਾਈਵੇਟ ਸਕੂਲ ਕੰਮ ਕਰ ਰਹੇ ਅਧਿਆਪਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਤਨਖ਼ਾਹਾਂ ਵੀ ਨਹੀਂ ਦੇ ਰਹੇ।
ਸਤਨਾਮ ਉੱਭਾਵਾਲ, ਈਮੇਲ
(3)
7 ਜੁਲਾਈ ਨੂੰ ਡਾ. ਕੁਲਦੀਪ ਸਿੰਘ ਵੱਲੋਂ ਲੇਖ ਵਿਚ ਪ੍ਰਾਈਵੇਟ ਸਕੂਲਾਂ ਲਈ ਵਰਤਿਆ ਸ਼ਬਦ ‘ਤੰਦੂਆ ਜਾਲ’ ਬਿਲਕੁਲ ਢੁਕਵਾਂ ਹੈ। ਸਿੱਖਿਆ ਇਕ ਵੇਚਣ ਖ਼ਰੀਦਣ ਤੇ ਕਮਾਈ ਕਰਨ ਵਾਲੀ ਵਸਤੂ ਬਣ ਕੇ ਰਹਿ ਗਈ ਹੈ। ਪੰਜਾਬ ਵਿਚ ਕੋਵਿਡ-19 ਦੀ ਮਾਰ ਝੱਲ ਰਹੇ ਗ਼ਰੀਬ ਪਰਿਵਾਰਾਂ ’ਤੇ ਬੋਝ ਜ਼ਿਆਦਾ ਓਦੋਂ ਪੈ ਗਿਆ ਜਦੋਂ ਨਿੱਜੀ ਸਕੂਲਾਂ ਨੇ ਆਨਲਾਈਨ ਸਿੱਖਿਆ ਸ਼ੁਰੂ ਕਰਕੇ ਫ਼ੀਸਾਂ ਲੈਣ ਦਾ ਜਾਲ ਵਿਛਾ ਦਿੱਤਾ, ਜਿਸ ਨੇ ਕਰੋਨਾ ਮਹਾਮਾਰੀ ਹੇਠ ਆਏ ਗ਼ਰੀਬ ਵਰਗ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਮਾਪਿਆਂ ਨੂੰ ਸਮਾਰਟ ਫ਼ੋਨ, ਲੈਪਟਾਪ ਦੀ ਇਕਦਮ ਪਈ ਲੋੜ ਪੂਰੀ ਕਰਨੀ ਔਖਾ ਹੋ ਗਿਈ। ਦੂਜਾ ਪੱਖ ਬਹੁਤੇ ਖੇਤਰਾਂ ਵਿਚ ਨੈਟਵਰਕ ਪੂਰਾ ਨਹੀਂ ਤੇ ਬੱਚੇ ਪ੍ਰੇਸ਼ਾਨ ਹੋ ਰਹੇ ਹਨ।
ਸਾਹਿਲ ਬੜਗੁੱਜਰ, ਭੀਖੀ (ਮਾਨਸਾ)
ਨਵਾਂ ਅਕਾਲੀ ਦਲ
8 ਜੁਲਾਈ ਦੇ ਸੰਪਾਦਕੀ ਵਿਚ ਨਵੇਂ ਅਕਾਲੀ ਦਲ ਬਾਰੇ ਅਤੇ ਸੰਖੇਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਲੋਕਪੱਖੀ ਸੰਘਰਸ਼ੀ ਇਤਿਹਾਸਕ ਘਟਨਾਕ੍ਰਮ ਬਾਰੇ ਜਾਣਕਾਰੀ ਮਿਲੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਪਈ ਫੁੱਟ ਤੇ ਪਰਿਵਾਰਵਾਦ ਕਾਰਨ ਪੰਜਾਬੀਆਂ ਦਾ ਇਸ ਤੋਂ ਮੋਹ ਭੰਗ ਹੋ ਚੁੱਕਿਆ ਹੈ। ਪੁਰਾਣੇ ਆਗੂਆਂ ਦਾ ਮੁੱਖ ਅਕਾਲੀ ਦਲ ਤੋਂ ਪਾਸਾ ਵਟਣਾ ਬਾਦਲਾਂ ਦੇ ਪਾਵੇ ਹਿਲਾ ਚੁੱਕਾ ਹੈ। ਤੀਜੀ ਧਿਰ ਕਿੰਨੀ ਮਜ਼ਬੂਤ ਬਣਦੀ ਹੈ, ਇਸ ਤੋਂ ਪਹਿਲਾਂ ਇਹ ਗੱਲ ਬਾਦਲ ਦਲ ਨੂੰ ਤੇ ਪੰਜਾਬ ਕਾਂਗਰਸ ਨੂੰ ਕੰਧ ਉਪਰ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਅਕਾਲੀਆਂ ਦੀ ਹਰਮਨ ਪਿਆਰਤਾ, ਕੈਪਟਨ ਸਰਕਾਰ ਪ੍ਰਤੀ ਬੇਵਿਸ਼ਵਾਸੀ, ਮਜਬੂਰ ਪੰਜਾਬੀ ਵੋਟਰਾਂ ਦੇ ਦਿਲ ਵਿਚ ਪੋਹ ਮਾਘ ਦੇ ਕੋਰੇ ਵਾਂਗ ਜਮ ਚੁੱਕੀ ਹੈ ਤੇ ਉਹ ਸੁਹਿਰਦ ਤੀਜੀ ਧਿਰ ਦੀ ਤਲਾਸ਼ ਵਿਚ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਆਨਲਾਈਨ ਪੜ੍ਹਾਈ
ਖ਼ਬਰਾਂ ਆ ਰਹੀਆਂ ਹਨ ਕਿ 65 ਫ਼ੀਸਦੀ ਬੱਚੇ ਮੋਬਾਈਲ ਦੇ ਕੈਦੀ ਬਣ ਗਏ ਹਨ। ਕਰੋਨਾਵਾਇਰਸ ਮਹਾਮਾਰੀ ਕਰ ਕੇ ਸਕੂਲ ਬੰਦ ਹਨ। ਬੱਚਿਆਂ ਦੀ ਘਰ ਹੀ ਮੋਬਾਈਲ ਫੋਨਾਂ ’ਤੇ ਆਨਲਾਈਨ ਪੜ੍ਹਾਈ ਚੱਲ ਰਹੀ ਹੈ। ਇਸ ਨਾਲ ਬੱਚਿਆਂ ਦੀਆਂ ਅੱਖਾਂ ’ਤੇ ਵੀ ਅਸਰ ਪਿਆ ਹੈ ਅਤੇ ਸੁਭਾਅ ਵੀ ਚਿੜਚਿੜਾ ਹੋ ਚੁੱਕਿਆ ਹੈ। ਨਾਲ ਹੀ ਸਰੀਰਕ ਵਿਕਾਸ ਵਿਚ ਵੀ ਬਦਲਾਓ ਆਇਆ ਹੈ। ਖਰੜ ਦੇ 14 ਸਾਲ ਦੇ ਬੱਚੇ ਨੇ ਆਪਣੇ ਪਿਤਾ ਦੀ ਸਾਰੀ ਕਮਾਈ ਗੇਮਾਂ ਵਿਚ ਰੋੜ੍ਹ ਦਿੱਤੀ। ਵਿਚਾਰਨ ਵਾਲੀ ਗੱਲ ਹੈ ਕਿ ਮਾਂ-ਪਿਓ ਆਖ਼ਿਰ ਕਿੰਨਾ ਸਮਾਂ ਬੱਚੇ ’ਤੇ ਪਹਿਰਾ ਦਿੰਦੇ ਰਹਿਣਗੇ?
ਸੰਜੀਵ ਸਿੰਘ ਸੈਣੀ, ਮੁਹਾਲੀ
ਉਦਾਸੀ ਦਾ ਘੇਰਾ ਬਨਾਮ ਹੱਲਾਸ਼ੇਰੀ
6 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਖ਼ੁਦਕੁਸ਼ੀ ਦਾ ਵਰਤਾਰਾ’ ਵਾਲੇ ਲੇਖ ਵਿਚ ਅਸਲੀਅਤ ਬਿਆਨ ਕੀਤੀ ਹੈ। ਜਦ ਬੰਦਾ ਸਮਾਜਿਕ, ਆਰਥਿਕ, ਰਾਜਨੀਤਕ ਤੇ ਵਿਦਿਆਕ ਖੇਤਰ ਦੇ ਨਾਕਸ ਪ੍ਰਬੰਧਾਂ ਕਰ ਕੇ ਉਦਾਸੀ ਵਿਚ ਘਿਰਦਾ ਹੈ, ਉਸ ਨੂੰ ਜ਼ਿੰਦਗੀ ਨਾਕਾਮ ਲੱਗਣ ਲੱਗਦੀ ਹੈ। ਇਕ ਤਾਂ ਕਰੋਨਾ ਦੀ ਮਾਰ ਕਰ ਕੇ ਬੰਦਾ ਘਰਾਂ ’ਚ ਤਿੰਨ ਚਾਰ ਮਹੀਨੇ ਲਈ ਸਮਾਜ ਨਾਲੋਂ ਟੁੱਟ ਕੇ ਰਹਿਣਾ, ਕੋਈ ਰੁਜ਼ਗਾਰ ਨਹੀਂ, ਮੇਲ ਜੋਲ ਨਹੀਂ, ਖੁੱਲ੍ਹੀ ਹਵਾ ਨਹੀਂ; ਦੂਜੇ ਨੈੱਟ ਦੀ ਪੜ੍ਹਾਈ ਦੀ ਨਵੀਂ ਤਕਨੀਕ ਤੋਂ ਨਾਖੁਸ਼ ਬੱਚੇ ਕੋਈ ਚਾਰਾ ਨਾ ਦੇਖ ਕੇ ਮਾੜਾ ਸੋਚਣ ਲੱਗ ਪੈਂਦੇ ਹਨ। ਮਾਪਿਆਂ, ਅਧਿਆਪਕਾਂ ਆਦਿ ਨੂੰ ਇਸ ਪਾਸੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਫੇਸਬੁੱਕ ਲਾਈਵ ‘ਵੇਲੇ ਦੀ ਗੱਲ’
‘ਪੰਜਾਬੀ ਟ੍ਰਿਬਿਊਨ’ ਵੱਲੋਂ ਫੇਸਬੁੱਕ ਲਾਈਵ ਪ੍ਰੋਗਰਾਮ ‘ਵੇਲ਼ੇ ਦੀ ਗੱਲ’ ਰਾਹੀਂ ਵੱਖ ਵੱਖ ਚਲੰਤ ਮਸਲਿਆਂ ’ਤੇ ਚਰਚਾ ਦੀ ਕੀਤੀ ਸ਼ੁਰੂਆਤ ਸ਼ਲਾਘਾਯੋਗ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਲੋਕ ਬੇਸਬਰੀ ਨਾਲ ਇਸ ਪ੍ਰੋਗਰਾਮ ਨੂੰ ਉਡੀਕਦੇ ਹਨ। ਪੱਤਰਕਾਰਾਂ ਹਮੀਰ ਸਿੰਘ, ਦਵਿੰਦਰਪਾਲ, ਚਰਨਜੀਤ ਭੁੱਲਰ ਅਤੇ ਆਤਿਸ਼ ਗੁਪਤਾ ਆਦਿ ਨੇ ਪਿਛਲੇ ਦਿਨਾਂ ’ਚ ਕਈ ਮਹੱਤਵਪੂਰਨ ਚਰਚਾਵਾਂ ਕੀਤੀਆਂ ਹਨ। ਹੋ ਸਕੇ ਤਾਂ ਫੇਸਬੁੱਕ ਲਾਈਵ ਦੌਰਾਨ ਸਰੋਤਿਆਂ ਨੂੰ ਵੀ ਚਰਚਾ ਦਾ ਹਿੱਸਾ ਬਣਾਇਆ ਜਾਵੇ। ਲਾਈਵ ਪ੍ਰੋਗਰਾਮ ਦੌਰਾਨ ਸਰੋਤਿਆਂ ਦੀਆਂ ਟਿੱਪਣੀਆਂ/ਸਵਾਲਾਂ ਨੂੰ ਸ਼ਾਮਿਲ ਕਰ ਕੇ ਚਰਚਾਵਾਂ ਨੂੰ ਹੋਰ ਵੱਧ ਰੌਚਿਕ ਬਣਾਇਆ ਜਾ ਸਕਦਾ ਹੈ।
ਰਣਦੀਪ ਸੰਗਤਪੁਰਾ, ਲਹਿਰਾਗਾਗਾ
ਖੇਤੀ ਆਰਡੀਨੈਂਸ
1 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਸੁਖਪਾਲ ਸਿੰਘ ਦੇ ਲੇਖ ‘ਖੇਤੀ ਆਰਡੀਨੈਂਸ: ਕੁਝ ਅਹਿਮ ਮੁੱਦਿਆਂ ’ਤੇ ਝਾਤ’ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਆਰਡੀਨੈਂਸਾਂ ਬਾਰੇ ਹੋ ਰਹੀ ਚਰਚਾ ਨੂੰ ਸਿਖਰ ’ਤੇ ਪਹੁੰਚਾ ਕੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ। ਕੇਂਦਰ ਸਰਕਾਰ ਵੱਲੋਂ ਨਵੀਆਂ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਨੀਤੀ ਪਿੱਛੇ ਛੁਪੀ ਨੀਤ ਇਸ ਲੇਖ ਵਿਚ ਪ੍ਰਗਟ ਕੀਤੇ ਤੱਥਾਂ ਦੀ ਜ਼ੁਬਾਨੀ ਸਪੱਸ਼ਟ ਵੇਖੀ ਜਾ ਸਕਦੀ ਹੈ। ਜੇ ਇਨ੍ਹਾਂ ਮੰਡੀਆਂ ਵਿਚ ਆਪਣੀ ਪੈਦਾਵਾਰ ਵੇਚਣ ਲਈ ਦੇਸ਼ ਦੇ 86 ਫ਼ੀਸਦੀ ਕਿਸਾਨ, ਗਹਿਰੇ ਆਰਥਿਕ ਸੰਕਟ ਕਾਰਨ ਲੈ ਕੇ ਹੀ ਨਹੀਂ ਜਾ ਸਕਣਗੇ ਜੋ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਹੈ ਤਾਂ ਇਹ ਮੰਡੀਆਂ ਕਿਨ੍ਹਾਂ ਲਈ ਹਨ, ਬਾਰੇ ਵੀ ਅਗਾਉਂ ਚਾਨਣ ਵਿਖਾਉਣ ਵਿਚ ਲੇਖਕ ਕਾਮਯਾਬ ਹੋਇਆ ਹੈ। ਮੰਡੀਆਂ ਨੂੰ ਟੈਕਸਾਂ ਤੋਂ ਮੁਕਤ ਕਰਨ ਪਿੱਛੇ ਛੁਪੇ ਇਨ੍ਹਾਂ ਨੂੰ ਕਾਰਪੋਰੇਟਾਂ ਹਵਾਲੇ ਕਰਨ ਦੇ ਮਨਸੂਬਿਆਂ ਦਾ ਵੀ ਪਰਦਾ ਫ਼ਾਸ਼ ਹੋਇਆ ਹੈ। ਜਾਪਦਾ ਹੈ ਕਿ ਉਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੀ ਇਹ ਲੇਖ ਪੜ੍ਹਨ ਤੋਂ ਬਾਅਦ ਹੀ ਆਪਣਾ ਨਜ਼ਰੀਆ ਬਦਿਲਆ ਹੈ।
ਜਸਵੰਤ ਜੀਰਖ, ਲੁਧਿਆਣਾ