ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 2 ਜੂਨ
ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਬਚਾਅ, ਰੋਕਥਾਮ ਤੇ ਵੱਖ-ਵੱਖ ਵਿਭਾਗਾਂ ਦਾ ਸਹਿਯੋਗ ਲੈਣ ਲਈ ਵਿਸ਼ੇਸ਼ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਮਹਿੰਦਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਡਾ. ਮਨਦੀਪ ਕੌਰ ਐਸਡੀਐਮ ਜੈਤੋ, ਮੇਜਰ ਅਮਿਤ ਸਰੀਨ ਐਸਡੀਐਮ ਕੋਟਕਪੂਰਾ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਟਿੱਡੀ ਦਲ ਦੇ ਹਮਲੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਸੂਬੇ ਵਿਚ ਚੌਕਸੀ ਵਧਾ ਕੇ ਇਸ ਦੀ ਰੋਕਥਾਮ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਵਿਭਾਗ ਵੱਲੋਂ ਟਿੱਡੀ ਦਲ ਦੇ ਖ਼ਾਤਮੇ ਲਈ ਕੀਟਨਾਸ਼ਕ ਦਵਾਈ ਦਾ ਪ੍ਰਬੰਧ ਕਰ ਲਿਆ ਗਿਆ ਹੈ। ਡਾ. ਅਵਨਿੰਦਰਪਾਲ ਸਿੰਘ ਨੇ ਟਿੱਡੀ ਦਲ ਦੇ ਹਮਲੇ ਦੇ ਨੁਕਸਾਨ ਬਾਰੇ ਦੱਸਿਆ।
ਮਲੋਟ ’ਚ ਜ਼ਿਲ੍ਹਾ ਪੱਧਰੀ ਦਫ਼ਤਰ ਬਣਾਇਆ
ਮਲੋਟ (ਨਿੱਜੀ ਪੱਤਰ ਪ੍ਰੇਰਕ): ਡੀਸੀ ਮੁਕਤਸਰ ਸਾਹਿਬ ਵਲੋਂ ਟਿੱਡੀ ਦਲ ਦੀ ਅਗਾਊਂ ਰੋਕਥਾਮ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮੁਕਤਸਰ ਸਾਹਿਬ ਹਰਿੰਦਰ ਸਿੰਘ ਸਰਾਂ ਨੂੰ ਟਿੱਡੀ ਦਲ ਦੀ ਰੋਕਥਾਮ ਲਈ ਜ਼ਿਲ੍ਹੇ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪੱਧਰ ਦਾ ਕੰਟਰੋਲ ਰੂਮ ਮਲੋਟ ’ਚ ਸਥਾਪਿਤ ਕੀਤਾ ਗਿਆ ਹੈ। ਇਸ ਦੇ ਇੰਚਾਰਜ ਤਹਿਸੀਲਦਾਰ ਮਲੋਟ ਤੇ ਤਕਨੀਕੀ ਸਹਾਇਤਾ ਲਈ ਖੇਤੀਬਾੜੀ ਵਿਕਾਸ ਅਫ਼ਸਰ ਨੂੰ ਲਗਾਇਆ ਗਿਆ।