ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਜੁਲਾਈ
ਇਥੇ ਧਰਮਕੋਟ ਵਿੱਚ ਪੰਜ ਹਥਿਆਰਬੰਦ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਮਨੀ ਚੇਂਜਰ ’ਤੇ ਹਮਲਾ ਕਰ ਦਿੱਤਾ। ਦੁਕਾਨਦਾਰ ਨੇ ਬੜੀ ਦਲੇਰੀ ਨਾਲ ਨਕਾਬਪੋਸ਼ਾਂ ਦਾ ਮੁਕਾਬਲਾ ਕੀਤਾ। ਹਾਲਾਂਕਿ ਦੁਕਾਨਦਾਰ ਬੇਰਹਿਮੀ ਨਾਲ ਕੀਤੀ ਕੁੱਟਮਾਰ ਕਰਕੇ ਮਗਰੋਂ ਬੇਹੋਸ਼ ਹੋ ਗਿਆ। ਵਾਰਦਾਤ ਮਗਰੋਂ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਰਾਜੀਵ ਬਜਾਜ ਪੁੱਤਰ ਸੁਰਿੰਦਰ ਬਜਾਜ ਵਾਸੀ ਧਰਮਕੋਟ ਸਥਾਨਕ ਰਾਜਿੰਦਰਾ ਰੋਡ ਉੱਤੇ ਮਨੀ ਚੇਂਜਰ ਅਤੇ ਟੂਰ ਐਂਡ ਟਰੈਵਲ ਦਾ ਕਾਰੋਬਾਰ ਕਰਦਾ ਹੈ।
ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਸ਼ਾਮ ਕਰੀਬ 3.53 ਵਜੇ ਪੰਜ ਹਥਿਆਰਬੰਦ ਨਕਾਬਪੋਸ਼ ਦੋ ਮੋਟਰਸਾਈਕਲਾਂ ਉੱਤੇ ਉਹਦੀ ਦੁਕਾਨ ਉੱਤੇ ਆਏ। ਚਾਰ ਬਦਮਾਸ਼ ਦੁਕਾਨ ਅੰਦਰ ਚਲੇ ਗਏ ਅਤੇ ਇੱਕ ਬਾਹਰ ਖੜ ਗਿਆ। ਉਨ੍ਹਾਂ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਸੇਫ਼ ਦੀਆਂ ਚਾਬੀਆਂ ਮੰਗੀਆਂ। ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਹੱਥੋਂਪਾਈ ਕਰਕੇ ਸੇਫ਼ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਨੇ ਦਲੇਰੀ ਨਾਲ ਮੁਕਾਬਲਾ ਕੀਤਾ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੁਕਾਨਦਾਰ ਵੱਲੋਂ ਵਿਖਾਈ ਦਲੇਰੀ ਕਰਕੇ ਵੱਡੀ ਲੁੱਟ ਤੋਂ ਬਚਾਅ ਰਿਹਾ। ਨਕਾਬਪੋਸ਼ਾਂ ਵੱਲੋਂ ਮੋਬਾਈਲ ਫ਼ੋਨ, ਸੋਨੇ ਦੀ ਮੁੰਦਰੀ ਤੇ ਕੜਾ ਲਿਜਾਣ ਦੀ ਚਰਚਾ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਧਰਮਕੋਟ ਵਿੱਚ ਮਨੀ ਚੇਂਜਰ ਦੀ ਦੁਕਾਨ ਅੰਦਰ ਫਰੋਲਾ ਫਰਾਲੀ ਕਰਦੇ ਬਦਮਾਸ਼ਾਂ ਦੀਆਂ ਸੀਸੀਟੀਵੀ ਕੈਮਰੇ ’ਚ ਕੈਦ ਤਸਵੀਰਾਂ।