ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ
ਔਰਤਾਂ ਤੋਂ ਜਬਰੀ ਕਰਜ਼ਾ ਉਗਰਾਹੁਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਖਫ਼ਾ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ 20 ਜੁਲਾਈ ਨੂੰ ਸਬ ਤਹਿਸੀਲ ਦੋਦਾ ਅਤੇ 21 ਜੁਲਾਈ ਨੂੰ ਐੱਸਡੀਐੱਮ ਦਫ਼ਤਰ ਮੁਕਤਸਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਪਿੰਡ ਥਾਂਦੇਵਾਲਾ ਅਤੇ ਬਠਿੰਡਾ ਰੋਡ ਮੁਕਤਸਰ ਵਿੱਚ ਬੈਠਕ ਕਰਦਿਆਂ ਮਜ਼ਦੂਰ ਆਗੂ ਜਸਵਿੰਦਰ ਸਿੰਘ ਸੰਗੂਧੌਣ ਨੇ ਕਿਹਾ ਕਿ ਮਾਈਕਰੋਫਾਈਨਾਂਸ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਜ਼ਬਰੀ ਉਗਰਾਹੀ ਨੂੰ ਰੁਕਵਾਉਣ, ਕਿਸ਼ਤਾਂ ਭਰਵਾਉਣ ਲਈ ਘਰੇਲੂ ਸਾਮਾਨ ਚੁੱਕ ਕੇ ਲਿਜਾਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਬੰਦ ਕਰਵਾਉਣ ਅਤੇ ਇਨ੍ਹਾਂ ਕਰਜ਼ਿਆਂ ਸਮੇਤ ਮਜ਼ਦੂਰਾਂ ਸਿਰ ਚੜ੍ਹੇ ਸਾਰੇ ਕਰਜ਼ੇ ਮੁਆਫ਼ ਕਰਵਾਉਣ, ਮਜ਼ਦੂਰਾਂ ਨੂੰ ਬਿਨਾਂ ਜਾਮਨੀ ਸਸਤੇ ਵਿਆਜ ਤੇ ਲੰਬੀ ਮਿਆਦ ਦੇ ਕਰਜ਼ੇ ਦੇਣ, ਬੇਘਰੇ ਤੇ ਲੋੜਵੰਦ ਪਰਿਵਾਰਾਂ ਲਈ ਪਲਾਟ ਸਮੇਤ ਵੱਖ-ਵੱਖ ਮੰਗਾਂ ਖ਼ਾਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਪੱਧਰ ’ਤੇ ਦਿੱਤੇ ਜਾ ਰਹੇ ਧਰਨਿਆਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਹੁਣ ਧਰਨਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਕੁਲਦੀਪ ਕੌਰ, ਗੋਨਿਆਣਾ ਰੋਡ, ਹਰਪ੍ਰੀਤ ਕੌਰ ਬੀੜ ਸਰਕਾਰ, ਗੁਰਬਿੰਦਰ ਕੌਰ, ਪਰਮਜੀਤ ਕੌਰ ਅਤੇ ਹੁਸਨਪ੍ਰੀਤ ਕੌਰ ਹਾਜ਼ਰ ਸਨ।