ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਜੂਨ
ਮੁੱਖ ਅੰਸ਼
- ਨਿੱਜੀ ਸਕੂਲਾਂ ਨੇ ਮਿਆਦ ਖਤਮ ਹੋਣ ’ਤੇ ਆਮਦਨੀ ਨਸ਼ਰ ਨਹੀਂ ਕੀਤੀ; 51 ਵਿਚੋਂ 40 ਸਕੂਲਾਂ ਨੇ ਨਹੀਂ ਭੇਜਿਆ ਜਵਾਬ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਖ਼ਿਲਾਫ਼ ਸੁਸਤ ਕਾਰਵਾਈ ਕਰਨ ’ਤੇ ਸਕੂਲ ਪ੍ਰਬੰਧਕ ਵਿਭਾਗ ਦੇ ਹੁਕਮਾਂ ਨੂੰ ਟਿੱਚ ਸਮਝ ਰਹੇ ਹਨ। ਸਕੂਲ ਆਪਣੀ ਵੈਬਸਾਈਟ ’ਤੇ ਆਮਦਨੀ ਨਸ਼ਰ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੇ ਹਨ। ਵਿਭਾਗ ਨੇ 26 ਮਈ ਨੂੰ 51 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 7 ਕੰਮ ਕਾਜੀ ਦਿਨਾਂ ਵਿਚ ਜਵਾਬ ਦਾਇਰ ਕਰਨ ਨੂੰ ਕਿਹਾ ਸੀ ਪਰ ਨੋਟਿਸ ਦੀ ਮਿਆਦ ਅੱਜ ਸਮਾਪਤ ਹੋਣ ’ਤੇ ਵੀ ਸਕੂਲਾਂ ਨੇ ਆਪਣਾ ਜਵਾਬ ਨਹੀਂ ਦਿੱਤਾ। ਅੱਜ ਸ਼ਾਮ ਤਕ ਸਿਰਫ 11 ਸਕੂਲਾਂ ਨੇ ਹੀ ਨੋਟਿਸ ਦਾ ਜਵਾਬ ਦਿੱਤਾ। ਇਨ੍ਹਾਂ ਵਿਚੋਂ ਵੀ ਕਈ ਸਕੂਲਾਂ ਨੇ ਆਪਣੀ ਆਮਦਨੀ ਵੈਬਸਾਈਟ ’ਤੇ ਨਸ਼ਰ ਨਹੀਂ ਕੀਤੀ।
ਵਿਭਾਗ ਨੇ ਪ੍ਰਾਈਵੇਟ ਸਕੂਲਾਂ ਨੂੰ ਆਪਣੀ ਬੈਲੈਂਸ ਸ਼ੀਟ ਵੈਬਸਾਈਟ ‘ਤੇ ਅਪਲੋਡ ਨਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ। ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਜ਼ਿਆਦਾਤਰ ਨਿੱਜੀ ਸਕੂਲਾਂ ਨੇ ਆਪਣੇ ਅਧਿਆਪਕਾਂ ਦੀਆਂ ਤਨਖਾਹਾਂ ਜਾਂ ਤਾਂ ਰੋਕ ਦਿੱਤੀਆਂ ਹਨ ਜਾਂ ਉਨ੍ਹਾਂ ਵਿਚ ਕਟੌਤੀ ਕਰ ਦਿੱਤੀ ਹੈ। ਸਕੂਲਾਂ ਦਾ ਤਰਕ ਹੈ ਕਿ ਉਨ੍ਹਾਂ ਕੋਲ ਇੰਨੇ ਅਸਾਸੇ ਹੀ ਨਹੀਂ ਹਨ ਕਿ ਉਹ ਆਪਣੇ ਅਧਿਆਪਕਾਂ ਨੂੰ ਤਨਖਾਹਾਂ ਦੇ ਸਕਣ ਕਿਉਂਕਿ ਸਕੂਲਾਂ ਦੀ ਆਮਦਨੀ ਦਾ ਇਕਮਾਤਰ ਜ਼ਰੀਆ ਵਿਦਿਆਰਥੀਆਂ ਦੀਆਂ ਫੀਸਾਂ ਹਨ ਜੋ ਇਸ ਵੇਲੇ ਨਹੀਂ ਮਿਲੀਆਂ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਸਕੂਲ ਇਹ ਨਹੀਂ ਚਾਹੁੰਦੇ ਕਿ ਊਨ੍ਹਾਂ ਦਾ ਕਰੋੜਾਂ ਦਾ ਲਾਭ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਤਾ ਲੱਗੇ। ਇਸ ਕਾਰਨ ਕਈ ਮਾਪੇ ਫੀਸਾਂ ਵਿਚ ਛੋਟ ਮੰਗਣਗੇ ਕਿਉਂਕਿ ਕਰੋਨਾ ਕਾਰਨ ਊਨ੍ਹਾਂ ਦੀ ਆਮਦਨੀ ਬੰਦ ਹੈ।
ਸਕੂਲਾਂ ਖਿਲਾਫ ਸਖਤ ਕਾਰਵਾਈ ਹੋਵੇਗੀ: ਅਧਿਕਾਰੀ
ਸਕੂਲਾਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰਨ ਤੇ ਕਾਰਵਾਈ ਕਰਨ ਲਈ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਦੱਸਣ ਨੂੰ ਤਿਆਰ ਨਹੀਂ ਹੈ। ਵਿਭਾਗ ਦੇ ਅਧਿਕਾਰੀ ਇਹ ਵੀ ਦੱਸਣ ਨੂੰ ਤਿਆਰ ਨਹੀਂ ਹਨ ਕਿ ਕਿਹੜੇ ਸਕੂਲਾਂ ਨੇ ਜਵਾਬ ਭੇਜ ਦਿੱਤਾ ਹੈ ਤੇ ਕਿਹੜੇ ਰਹਿ ਗਏ ਹਨ ਪਰ ਜ਼ਿਲ੍ਹਾ ਸਿੱਖਿਆ ਦਫਤਰ ਦੇ ਅਧਿਕਾਰੀ ਨੇ ਦੱਸਿਆ ਕਿ ਜੇ ਹੁਣ ਵੀ ਸਕੂਲਾਂ ਨੇ ਸਮੇਂ ਸਿਰ ਜਵਾਬ ਨਾ ਦਿੱਤਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ਖ਼ਿਲਾਫ ਕਾਰਵਾਈ ਬਾਰੇ ਭਲਕੇ ਫੈਸਲਾ ਕੀਤਾ ਜਾਵੇਗਾ।