ਪੰਚਕੂਲਾ (ਪੀ.ਪੀ.ਵਰਮਾ): ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਅੱਜ ਕਿਹਾ ਕਿ ਯੂਕਰੇਨ ਤੋਂ ਆਏ 54 ਲੋਕਾਂ ਨੂੰ ਇਕਾਂਤਵਾਸ ਕਰਦਿਆਂ ਵੱਖ-ਵੱਖ ਹੋਟਲਾਂ ਵਿੱਚ ਠਹਿਰਾਇਆ ਗਿਆ ਹੈ। ਊਨ੍ਹਾਂ ਕਿਹਾ ਕਿ ਸੈਂਪਲ ਲਏ ਜਾ ਰਹੇ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ਨੂੰ ਹਰਿਆਣਾ ਦੇ ਜੱਦੀ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਜਾਵੇਗਾ। ਊਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 4 ਵਿਅਕਤੀ ਪੰਚਕੂਲਾ ਜ਼ਿਲ੍ਹੇ ਦੇ ਹਨ। ਇਸ ਦੌਰਾਨ ਪੰਚਕੂਲਾ ਦੇ ਸੈਕਟਰ 20 ਵਿੱਚ 63 ਸਾਲਾ ਬਜ਼ੁਰਗ ਵਿੱਚ ਕਰੋਨਾ ਦੇ ਲੱਛਣ ਮਿਲੇ ਹਨ। ਸੈਕਟਰ 6 ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ: ਰਾਜੀਵ ਨਰਵਾਲ ਨੇ ਕਿਹਾ ਕਿ ਕਰੋਨਾ ਪਾਜ਼ੇਟਿਵ ਬਜ਼ੁਰਗ 26 ਮਈ ਨੂੰ ਦਿੱਲੀ ਤੋਂ ਆਇਆ ਸੀ। ਸਿਹਤ ਵਿਭਾਗ ਨੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕਰਕੇ ਜਾਂਚ ਲਈ ਉਨ੍ਹਾਂ ਦੇ ਨਮੂਨੇ ਲੈਣ ਦਾ ਕੰਮ ਵਿੱਢ ਦਿੱਤਾ ਹੈ। ਬਜ਼ੁਰਗ ਦੇ ਸੰਪਰਕ ਵਿੱਚ ਆਊਣ ਵਾਲੇ ਹੋਰਨਾਂ ਲੋਕਾਂ ਦੀ ਸੂਚੀ ਵੀ ਬਣਾਈ ਗਈ ਹੈ। ਊਧਰ ਕਾਲਕਾ ਵਿੱਚ ਕਰੋਨਾ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ 50 ਕਰੋਨਾ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਕਾਲਕਾ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਅਹਿਮਦਾਬਾਦ ਤੋਂ ਆਏ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਮਗਰੋਂ ਜਿਹੜੇ ਪਤੀ-ਪਤਨੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ ਦੇ ਸੰਪਰਕ ਵਿੱਚ ਆਊਣ ਵਾਲੇ 50 ਲੋਕਾਂ ਦੇ ਹੁਣ ਸੈਂਪਲ ਲਏ ਗਏ ਹਨ।