ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜਨਵਰੀ
ਸੈਕਟਰ-53 ਵਿੱਚ ਸਥਿਤ ਫਰਨੀਚਰ ਮਾਰਕੀਟ ਵਿੱਚ ਕੁੱਤਿਆਂ ਨੂੰ ਰੋਟੀ ਪਾ ਰਹੀ ਲੜਕੀ ਨੂੰ ਤੇਜ਼ ਰਫ਼ਤਾਰ ਥਾਰ ਟੱਕਰ ਮਾਰ ਕੇ ਫਰਾਰ ਹੋ ਗਈ। ਇਸ ਦੌਰਾਨ ਲੜਕੀ ਦੇ ਕਾਫੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਸੈਕਟਰ- 16 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੀੜਤਾਂ ਦੀ ਪਛਾਣ ਤੇਜਸਵੀਤਾ ਕੌਸ਼ਲ (25) ਵਾਸੀ ਸੈਕਟਰ-51 ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤੇਜਸਵੀਤਾ ਰੋਜ਼ਾਨਾ ਰਾਤ ਨੂੰ ਕੁੱਤਿਆਂ ਨੂੰ ਰੋਟੀ ਪਾਉਂਦੀ ਹੈ। ਇਸੇ ਤਰ੍ਹਾਂ ਸ਼ਨਿੱਚਰਵਾਰ ਦੇਰ ਰਾਤ ਉਹ ਫਰਨੀਚਰ ਮਾਰਕੀਟ ਵਿੱਚ ਆਪਣੀ ਮਾਂ ਮਨਜਿੰਦਰ ਨਾਲ ਕੁੱਤਿਆਂ ਨੂੰ ਰੋਟੀ ਪਾ ਰਹੀ ਸੀ। ਇਸੇ ਦੌਰਾਨ ਗਲਤ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਥਾਰ ਦਾ ਚਾਲਕ ਉਸ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਹਾਦਸੇ ਦੌਰਾਨ ਸੜਕ ‘ਤੇ ਡਿੱਗਣ ਕਾਰਨ ਤੇਜਸਵੀਤਾ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੀੜਤਾ ਦੇ ਪਿਤਾ ਓਜਸਵੀ ਹੀ ਤੇਜਸਵੀ ਨੂੰ ਆਪਣੀ ਕਾਰ ਵਿੱਚ ਲੈ ਕੇ ਹਸਪਤਾਲ ਪਹੁੰਚੇ, ਜਿੱਥੇ ਤੇਜਸਵੀ ਦੇ ਸਿਰ ਵਿੱਚ ਟਾਂਕੇ ਲੱਗੇ ਹਨ। ਪੀੜਤਾ ਦੇ ਪਿਤਾ ਓਜਸਵੀ ਨੇ ਪੁਲੀਸ ‘ਤੇ ਦੋਸ਼ ਲਗਾਇਆ ਕਿ ਸੜਕ ਹਾਦਸੇ ਮਗਰੋਂ ਜਾਣਕਾਰੀ ਦੇਣ ਦੇ ਬਾਵਜੂਦ ਪੀਸੀਆਰ ਦੀ ਟੀਮ ਨਹੀਂ ਪਹੁੰਚੀ ਹੈ। ਉਹ ਖੁਦ ਹੀ ਆਪਣੀ ਧੀ ਨੂੰ ਜ਼ਖ਼ਮੀ ਹਾਲਤ ਵਿੱਚ ਲੈ ਕੇ ਹਸਪਤਾਲ ਪਹੁੰਚੇ। ਪੁਲੀਸ ਚੌਕੀ ਸੈਕਟਰ-61 ਦੀ ਟੀਮ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਫੁਟੇਜ ਦੇ ਆਧਾਰ ‘ਤੇ ਕਾਰ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੀੜਤ ਲੜਕੀ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਹੈ।
ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ‘ਚ ਡਰਾਈਵਰ ਜ਼ਖ਼ਮੀ
ਬਨੂੜ (ਪੱਤਰ ਪ੍ਰੇਰਕ): ਪਿੰਡ ਸਨੇਟਾ ਨੇੜੇ ਬੀਤੀ ਰਾਤ ਦੋ ਵਜੇ ਦੇ ਕਰੀਬ ਦੋ ਟਰੱਕਾਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋਣ ਕਾਰਨ ਟਰੱਕ ਬੁਰੀ ਤਰਾਂ ਨੁਕਸਾਨੇ ਗਏ ਅਤੇ ਡਰਾਈਵਰ ਜ਼ਖ਼ਮੀ ਹੋ ਗਏ। ਇੱਕ ਟਰੱਕ ਬਨੂੜ ਵੱਲੋਂ, ਜਦਕਿ ਦੂਜਾ ਲਾਂਡਰਾਂ ਵੱਲੋਂ ਆ ਰਿਹਾ ਸੀ। ਸੜਕ ਉੱਤੇ ਇੱਕ ਪਲਟੀ ਹੋਈ ਪਰਾਲੀ ਦੀ ਟਰਾਲੀ ਨੂੰ ਬਚਾਉਣ ਲਈ ਇੱਕ ਟਰੱਕ ਵੱਲੋਂ ਅਚਾਨਕ ਕੱਟ ਮਾਰਨ ਕਰਕੇ ਇਹ ਹਾਦਸਾ ਵਾਪਰਿਆ ਤੇ ਕੁੱਝ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ। ਪੁਲੀਸ ਕਰਮਚਾਰੀਆਂ ਨੇ ਦੱਸਿਆ ਕਿ ਡਰਾਈਵਰਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਨ੍ਹਾਂ ਦਾ ਆਪਸ ਵਿੱਚ ਸਮਝੌਤਾ ਹੋਣ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਕ ਹੋਰ ਹਾਦਸੇ ਵਿੱਚ ਬਨੂੜ ਦੀ ਹਦੂਦ ਵਿੱਚੋਂ ਲੰਘਦੇ ਫ਼ਲਾਈਓਵਰ ਉੱਤੇ ਅਣਪਛਾਤੇ ਟਰੈਕਟਰ ਦੀ ਫ਼ੇਟ ਵੱਜਣ ਨਾਲ ਇੱਕ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਮੋਟਰਸਾਈਕਲ ਚਾਲਕ ਮਨੋਜ ਕੁਮਾਰ, ਪਿੰਡ ਬੋੜਾ, ਜ਼ਿਲ੍ਹਾ ਬੁਲੰਦ ਸ਼ਹਿਰ (ਯੂਪੀ), ਹਾਲ ਵਾਸੀ ਡੇਰਾਬੱਸੀ ਦੇ ਬਿਆਨਾਂ ਉੱਤੇ ਅਣਪਛਾਤੇ ਟਰੈਕਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਸੜਕ ਹਾਦਸਿਆਂ ਵਿੱਚ ਦੋ ਨੌਜਵਾਨ ਹਲਾਕ
ਲਾਲੜੂ (ਪੱਤਰ ਪ੍ਰੇਰਕ): ਲਾਲੜੂ ਨੇੜੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਇਕ ਅਣਪਛਾਤੀ ਇਨੋਵਾ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ 25 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜਿਉਲੀ, ਥਾਣਾ ਹੰਡੇਸਰਾ ਵਜੋਂ ਹੋਈ ਹੈ। ਪੁਲੀਸ ਨੂੰ ਗੁਰਬਚਨ ਸਿੰਘ ਵਾਸੀ ਆਗਾਂਪੁਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਲਾਲੜੂ ਬੱਸ ਅੱਡੇ ‘ਤੇ ਖੜ੍ਹਾ ਸੀ। ਇਸੇ ਦੌਰਾਨ ਅੰਬਾਲੇ ਵੱਲੋਂ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਜਗਦੀਪ ਸਿੰਘ ਦੇ ਮੋਟਰਸਾਈਕਲ ਵਿੱਚ ਟੱਕਰ ਮਾਰੀ, ਜਿਸ ਕਾਰਨ ਨੌਜਵਾਨ ਸੜਕ ‘ਤੇ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਡੇਰਾਬਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਗਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਦੋਸੜਕਾ-ਬਰਾੜਾ ਸੜਕ ਤੇ ਲੰਘੀ ਰਾਤ ਕਾਰ ਵੱਲੋਂ ਟੱਕਰ ਮਾਰਨ ਕਰਕੇ ਮੋਟਰਸਾਈਕਲ ਸਵਾਰ ਬਰਾੜਾ ਨਿਵਾਸੀ ਹਰਦੀਪ ਕੁਮਾਰ ਦੀ ਮੌਤ ਹੋ ਗਈ। ਬਰਾੜਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਜਦੋਂ ਹਰਦੀਪ ਕੰਮ ਤੋਂ ਵਾਪਸ ਬਰਾੜਾ ਆ ਰਿਹਾ ਸੀ ਤਾਂ ਸਾਈਂ ਮੰਦਰ ਕੋਲ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮਨਦੀਪ ਕੁਮਾਰ ਨੂੰ ਐਮਐਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।