ਸਰਕਾਰ ਹੁਣ ਭਰੋਸਾ ਜਿੱਤੇ
8 ਸਤੰਬਰ ਦਾ ਸੰਪਾਦਕੀ ‘ਪਸੰਦ, ਨਾਪਸੰਦ’ ਵਿਚ ‘ਮਨ ਕੀ ਬਾਤ’ ਬਾਰੇ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਭਾਸ਼ਨ ਨੂੰ ਵੱਡੀ ਗਿਣਤੀ ਵਿਚ ਲੋਕਾਂ ਦੁਆਰਾ ਨਾਪਸੰਦ ਕੀਤੇ ਜਾਣ ਕਰ ਕੇ ਵੀਡੀਓ ਵਿਚੋਂ ‘ਪਸੰਦ ਨਾਪਸੰਦ’ ਦੀ ਆਪਸ਼ਨ ਖ਼ਤਮ ਕਰ ਦਿੱਤੀ ਗਈ ਹੈ। ਇਹ ਜਾਇਜ਼ ਫ਼ੈਸਲਾ ਨਹੀਂ। ਪਸੰਦ, ਨਾਪਸੰਦ ਤਾਂ ਸਗੋਂ ਲੋਕ ਰਾਇ ਜਾਨਣ ਦਾ ਪੁਖ਼ਤਾ ਸਾਧਨ ਹੈ। ਜੇ ਜਨਤਾ ਨੇ ਆਪਣੇ ਨੇਤਾ ਦੀ ਕਿਸੇ ਗੱਲ ਨੂੰ ਵੱਡੀ ਗਿਣਤੀ ਵਿਚ ਨਾਪਸੰਦ ਕੀਤਾ ਹੈ ਤਾਂ ਜਨਤਾ ਦੀਆਂ ਇੱਛਾਵਾਂ ਜਾਣ ਕੇ ਉਨ੍ਹਾਂ ਦੀ ਸੰਤੁਸ਼ਟੀ ਕਰ ਕੇ ਜਨਤਾ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ।
ਕੁਲਦੀਪ ਸਿੰਘ ਲਵਲੀ, ਕੁੱਪ ਖੁਰਦ (ਸੰਗਰੂਰ)
ਹਿੰਸਕ ਵਾਰਦਾਤਾਂ
8 ਸਤੰਬਰ ਦੇ ਸੰਪਾਦਕੀ ‘ਹਿੰਸਕ ਰੁਝਾਨ’ ਵਿਚ ਵਾਰਦਾਤਾਂ ਦੇ ਵੇਰਵੇ ਪੇਸ਼ ਕੀਤੇ ਹਨ। ਕਰੋਨਾ ਦੇ ਦੌਰ ਵਿਚ ਤਾਂ ਇਹ ਚਿੰਤਾ ਹੋਰ ਵੀ ਵਧ ਜਾਂਦੀ ਹੈ। ਸਰਕਾਰ ਨੂੰ ਹੁਣ ਦੋ ਫਰੰਟਾਂ ’ਤੇ ਲੜਨਾ ਪੈ ਰਿਹਾ ਹੈ। ਦੋਵੇਂ ਫਰੰਟ ਅਲੱਗ ਅਲੱਗ ਹਨ। ਕਰੋਨਾ ਕੁਦਰਤ ਦੀ ਮਾਰ ਹੈ। ਹਿੰਸਕ ਵਾਰਦਾਤਾਂ ਮੂਰਖਤਾ ਦੀ ਨਿਸ਼ਾਨੀ ਹੈ। ਸਰਕਾਰ ਨੂੰ ਇਸ ਬਾਬਤ ਕਮਿਸ਼ਨ ਬਣਾਉਣਾ ਚਾਹੀਦਾ ਹੈ ਤਾਂ ਕਿ ਸਮੁੱਚੇ ਹਾਲਾਤ ਬਾਰੇ ਵਿਚਾਰਾਂ ਕਰ ਕੇ ਹੱਲ ਲੱਭਿਆ ਜਾ ਸਕੇ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
ਹਾਕਮਾਂ ਦਾ ਜਮਾਤੀ ਖਾਸਾ
7 ਸਤੰਬਰ ਨੂੰ ਐਸਪੀ ਸਿੰਘ ਨੇ ਕੇਂਦਰ ’ਚ ਵਿਰੋਧੀ ਪਾਰਟੀ ਕਾਂਗਰਸ ਦੀ ਡੰਗ ਟਪਾਊ ਭੂਮਿਕਾ ਦਾ ਹੀਜ ਪਿਆਜ ਨੰਗਾ ਕੀਤਾ ਹੈ। ਇਸ ਭੂਮਿਕਾ ਕਰ ਕੇ ਹੀ ਸ਼ਾਹੀਨ ਬਾਗ਼ ਮੋਰਚੇ ਸਮੇਂ ਮੁਲਖੱਈਏ ਨੇ ਵਿਰੋਧ ਦੀ ਕਮਾਨ ਖ਼ੁਦ ਫੜ ਲਈ ਸੀ। ਦਰਅਸਲ, ਜਦੋਂ ਵਿਰੋਧੀਆਂ ਅਤੇ ਹਾਕਮ ਪਾਰਟੀ ਜਮਾਤੀ ਖਾਸੇ ਪੱਖੋਂ ਭੈਣਾਂ ਭੈਣਾਂ ਹੋਣ ਤਾਂ ਸੌਕਣਾਂ ਵਾਂਗ ਬਾਹਾਂ ਕੱਢ ਕੱਢ ਕੇ ਨਹੀਂ ਲੜਦੀਆਂ। ਨਰਿੰਦਰ ਮੋਦੀ, ਅਮਿਤ ਸ਼ਾਹ, ਮਨਮੋਹਨ ਸਿੰਘ, ਪੀ. ਚਿਦੰਬਰਮ, ਡੋਨਲਡ ਟਰੰਪ, ਬਾਈਡਨ, ਬੁਸ਼ ਆਦਿ ਸਭ ਵੱਡੇ-ਨਿੱਕੇ ਕਾਰਪੋਰੇਟ ਘਰਾਣਿਆਂ ਦੇ ਜਮਾਤੀ ਪ੍ਰਤੀਨਿਧ ਹਨ। ਵਿਦੇਸ਼ੀ ਹਕੂਮਤ ਤੋਂ ਰਾਜਨੀਤਕ ਪ੍ਰਭੂਸੱਤਾ ਦੀ ਪ੍ਰਾਪਤੀ ਵਾਸਤੇ ਲੜਨ ਅਤੇ ਦੇਸ਼ ਦੇ ਹਿੱਤਾਂ ਲਈ ਚਾਲੀ ਸਾਲ ਖੜ੍ਹਨ ਵਾਲੀ ਕਾਂਗਰਸ ਦੀ ਹਾਕਮ ਲੀਡਰਸ਼ਿਪ ਦੀ ਥਾਂ ਲੈਣ ਵਾਲੀ 1990 ਤੋਂ ਮਗਰੋਂ ਦੀ ਕਾਂਗਰਸ ਹੁਣ ਲੋਕ-ਵਿਸ਼ਵਾਸ ਗਵਾ ਚੁੱਕੀ ਹੈ। ਦੂਰ ਭਵਿੱਖੀ ਤੀਜੇ ਬਦਲ ਦੀ ਸਿਆਸਤ ਬਗ਼ੈਰ ਵਿਰੋਧੀ ਧਿਰ ਦੀ ਲੀਡਰੀ ਮੂਹਰੇ ਅਜਿਹੇ ਸਵਾਲ ਉੱਠਦੇ ਰਹਿਣਗੇ।
ਲਾਭ ਸਿੰਘ ਖੀਵਾ, ਚੰਡੀਗੜ੍ਹ
(2)
ਐੱਸਪੀ ਸਿੰਘ ਦਾ ਹਫ਼ਤਾਵਾਰੀ ਕਾਲਮ ‘ਲਿਖਤੁਮ ਬਾਦਲੀਲ’ ਜ਼ਰੂਰ ਪੜ੍ਹਦਾ ਹਾਂ ਪਰ ਲੇਖਕ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਉਸ ਦਾ ਲਿਖਿਆ ਸਾਰੇ ਪਾਠਕਾਂ ਨੂੰ ਸਮਝ ਵੀ ਆ ਸਕੇ। ਉਰਦੂ ਦੇ ਸ਼ਬਦ ਸਮਝ ਨਹੀਂ ਆਉਂਦੇ। ਪੰਜਾਬੀ ਲਿਖੋ ਤਾਂ ਪਾਠਕ ਹੋਰ ਵੀ ਜੁੜਨਗੇ।
ਨਵਿੰਦਰਜੀਤ ਸ਼ਰਮਾ, ਈਮੇਲ
ਔਰਤਾਂ ਪ੍ਰਤੀ ਸੋਚ
ਕੰਵਲਜੀਤ ਕੌਰ ਗਿੱਲ ਦਾ ਲੇਖ ‘ਆਜ਼ਾਦ ਭਾਰਤ ਵਿਚ ਔਰਤ ਦੀ ਆਜ਼ਾਦੀ ਦਾ ਮਸਲਾ’ (ਪਹਿਲੀ ਸਤੰਬਰ) ਪੜ੍ਹ ਕੇ ਸਾਫ਼ ਪਤਾ ਲੱਗਦਾ ਹੈ ਕਿ ਔਰਤਾਂ ਦੇ ਅਧਿਕਾਰਾਂ ਦੀ ਪਰਿਭਾਸ਼ਾ ਕਾਗਜ਼ਾਂ ਵਿਚ ਅਤੇ ਅਮਲੀ ਤੌਰ ’ਤੇ ਬਿਲਕੁਲ ਵੱਖਰੀ ਵੱਖਰੀ ਹੈ। ਹਰ ਸਮਾਗਮ ਵਿਚ ਅਨੇਕਾਂ ਬੁਲਾਰੇ ਜਦੋਂ ਆਖਦੇ ਹਨ ਕਿ ‘ਔਰਤਾਂ ਮਰਦਾਂ ਦੇ ਮੁਕਾਬਲੇ ਕਿਸੇ ਗੱਲੋਂ ਵੀ ਘੱਟ ਨਹੀਂ’ ਜਾਂ ‘ਅੱਜ ਦਾ ਦੌਰ ਨਾਰੀ ਦਾ ਹੈ’, ਇਹ ਸੁਣ ਕੇ ਇੰਝ ਲੱਗਦਾ ਹੈ ਕਿ ਸਮਾਜ ਦੀ ਔਰਤਾਂ ਪ੍ਰਤੀ ਸੋਚ ਬਦਲ ਰਹੀ ਹੈ ਪਰ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਇਹ ਗੱਲਾਂ ਸਿਰਫ਼ ਜੁਮਲਾ ਜਾਪਦੀਆਂ ਹਨ।
ਬਲਜਿੰਦਰ, ਈਮੇਲ
ਭਾਵਪੂਰਤ ਟਿੱਪਣੀ
ਪਹਿਲੀ ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਨੰਦ ਸਿੰਘ ਮਹਿਤਾ ਦਾ ਮਿਡਲ ‘ਖਾੜਕੂ ਮੁਜ਼ਾਹਰਾ’ ਪੜ੍ਹਿਆ। ਲੇਖਕ ਨੇ ਕਰੜੇ ਸੰਘਰਸ਼ ਦੀ ਗੱਲ ਕੀਤੀ ਹੈ ਅਤੇ ਲੇਖ ਦੇ ਅਖ਼ੀਰ ਵਿਚ ਕਿਸਾਨ ਜਥੇਬੰਦੀਆਂ ਬਾਰੇ ਭਾਵਪੂਰਤ ਟਿੱਪਣੀ ਵੀ ਕੀਤੀ ਹੈ। ਅਸਲ ਵਿਚ ਅਜਿਹੇ ਸੰਘਰਸ਼ ਲਈ ਮੌਕੇ ਵਾਲੀਆਂ ਰਣਨੀਤੀਆਂ ਵਧੇਰੇ ਕਾਮਯਾਬ ਰਹਿੰਦੀਆਂ ਹਨ। ਅਸਲ ਮਸਲਾ ਤਾਂ ਹੱਕਾਂ ਦੀ ਰਾਖੀ ਦਾ ਹੈ। ਇਸੇ ਲਈ ਲੀਡਰਾਂ ਦੇ ਸਿਆਣੇ ਅਤੇ ਸੂਝਵਾਨ ਹੋਣ ਦੀ ਆਸ ਕੀਤੀ ਜਾਂਦੀ ਹੈ। ਅੱਜਕੱਲ੍ਹ ਇਸੇ ਗੱਲ ਦੀ ਬਹੁਤ ਵੱਡੀ ਘਾਟ ਰੜਕਦੀ ਹੈ।
ਗੁਰਬੀਰ ਸਿੰਘ ਸੇਖੋਂ, ਜਲੰਧਰ
ਇੰਟਰਨੈੱਟ ਐਡੀਸ਼ਨ
ਅਖ਼ਬਾਰ ਦਾ ਇਕ ਮਹੱਤਵਪੂਰਨ ਹਿੱਸਾ ਸਿਰਫ਼ ਇੰਟਰਨੈੱਟ ’ਤੇ ਨਸ਼ਰ ਹੋਣ ਕਾਰਨ ਬਹੁਤੇ ਪਾਠਕ ਇਸ ਤੋਂ ਵਾਂਝੇ ਰਹਿ ਜਾਂਦੇ ਹਨ। ਪੁਰਾਣੇ ਪਾਠਕਾਂ ਦੀ ਵੱਡੀ ਬਹੁਗਿਣਤੀ ਨੈੱਟ ਦੀ ਵਰਤੋਂ ਨਹੀਂ ਕਰ ਸਕਦੀ। ਇਹ ਵੀ ਸੱਚਾਈ ਹੈ ਕਿ ਨੈੱਟ ਨਾਲੋਂ ਅਖ਼ਬਾਰ ਉੱਤੇ ਪੜ੍ਹਨਾ ਵਧੇਰੇ ਸੌਖਾ ਹੈ। ਇਸ ਬਾਰੇ ਪਹਿਲ ਦੇ ਆਧਾਰ ’ਤੇ ਵਿਚਾਰ ਕਰਨਾ ਬਣਦਾ ਹੈ।
ਜਗਮੀਤ ਸਿੰਘ ਪੰਧੇਰ, ਪਿੰਡ ਕਲਾਹੜ (ਲੁਧਿਆਣਾ)