ਜਗਮੋਹਨ ਸਿੰਘ
ਘਨੌਲੀ, 28 ਸਤੰਬਰ
ਅੱਜ ਭਰਤਗੜ੍ਹ ਪੁਲੀਸ ਚੌਕੀ ਅਧੀਨ ਪੈਂਦੇ ਪਿੰਡ ਸਰਸਾ ਨੰਗਲ ਵਿਚ ਸਿਰਸਾ ਨਦੀ ਨੇੜੇ ਕਰੱਸ਼ਰਾਂ ਅਤੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਲਈ ਛੱਡਿਆ ਸੜਕ ਦਾ ਕੱਟ ਬੰਦ ਕਰਨ ਆਏ ਬੀਐੱਸਸੀ, ਸੀਐਂਡਸੀ ਕੰਪਨੀ ਦੇ ਅਧਿਕਾਰੀਆਂ ਨੂੰ ਲੋਕ ਰੋਹ ਅੱਗੇ ਝੁਕਦਿਆਂ ਹੋਇਆਂ ਵਾਪਸ ਬੇਰੰਗ ਪਰਤਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਜਦੋਂ ਬੀਐੱਸਸੀ, ਸੀਐਂਡਸੀ ਕੰਪਨੀ ਦੇ ਕਰਮਚਾਰੀ ਆਪਣੀ ਮਸ਼ੀਨਰੀ ਲੈ ਕੇ ਕੱਟ ਬੰਦ ਕਰਨ ਲਈ ਪੁੱਜੇ ਤਾਂ ਉੱਥੇ ਕਰੱਸ਼ਰ ਮਾਲਕ ਅਤੇ ਨੇੜਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਪੁੱਜ ਗਏ ਤੇ ਉਨ੍ਹਾਂ ਨੇ ਕੰਪਨੀ ਦੇ ਅਧਿਕਾਰੀਆਂ ਕੋਲ ਇਹ ਕਹਿੰਦਿਆਂ ਹੋਇਆਂ ਕੱਟ ਨੂੰ ਬੰਦ ਨਾ ਕਰਨ ਦੀ ਅਪੀਲ ਕੀਤੀ ਕਿ ਜੇਕਰ ਕੰਪਨੀ ਨੇ ਕੱਟ ਬੰਦ ਕਰ ਦਿੱਤਾ ਤਾਂ ਆਪਣੇ ਖੇਤਾਂ ਨੂੰ ਜਾਣ ਵਾਲੇ ਕਿਸਾਨ ਅਤੇ ਕਰੱਸ਼ਰਾਂ ’ਤੇ ਜਾਣ ਆਉਣ ਵਾਲੇ ਲੋਕ ਕਾਹਲੀ ਕਾਰਨ ਸਰਸਾ ਨੰਗਲ ਪਿੰਡ ਤੱਕ ਗਲਤ ਦਿਸ਼ਾ ਵਿੱਚ ਸਫਰ ਕਰਨ ਲਈ ਮਜਬੂਰ ਹੋ ਜਾਣਗੇ, ਜਿਸ ਕਰ ਕੇ ਇੱਥੇ ਰੋਜ਼ਾਨਾ ਹਾਦਸੇ ਵਾਪਰਨ ਦਾ ਡਰ ਬਣਿਆ ਰਹੇਗਾ। ਜਦੋਂ ਲੋਕਾਂ ਦੀ ਗਿਣਤੀ ਵਧਣ ਲੱਗੀ ਤਾਂ ਕੰਪਨੀ ਦੇ ਕਰਮਚਾਰੀਆਂ ਨੇ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ, ਜਿਸ ਮਗਰੋਂ ਨਾਇਬ ਤਹਿਸੀਲਦਾਰ ਰੂਪਨਗਰ ਹਰਿੰਦਰਜੀਤ ਸਿੰਘ ਅਤੇ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਬਲਬੀਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਵੱਲੋਂ ਇਕੱਤਰ ਹੋਏ ਲੋਕਾਂ ਨੂੰ ਸਮਝਾ ਬੁਝਾ ਕੇ ਕੱਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਲੋਕ ਆਪਣੀ ਗੱਲ ’ਤੇ ਅੜੇ ਰਹੇ ਤਾਂ ਲੋਕ ਰੋਹ ਅੱਗੇ ਝੁਕਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਤੇ ਕੰਪਨੀ ਕਰਮਚਾਰੀ ਮਸ਼ੀਨਰੀ ਸਮੇਤ ਉੱਥੋਂ ਚਲੇ ਗਏ।