ਨਵੀਂ ਦਿੱਲੀ, 22 ਸਤੰਬਰ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ ਵਿੱਚ ਖੇਤੀ ਨਾਲ ਸਬੰਧਤ ਦੋ ਬਿਲਾਂ ਨੂੰ ਪਾਸ ਕਰਨ ਮੌਕੇ ਵਿਰੋਧੀ ਧਿਰਾਂ ਵੱਲੋਂ ਕੀਤੀ ‘ਹੁੱਲੜਬਾਜ਼ੀ ਤੇ ਹਿੰਸਾ’ ਨੂੰ ਸੰਸਦੀ ਕਾਰਜਪ੍ਰਣਾਲੀ ’ਤੇ ‘ਸ਼ਰਮਨਾਕ ਦਾਗ਼’ ਕਰਾਰ ਦਿੱਤਾ ਹੈ। ਸ੍ਰੀ ਪੁਰੀ, ਜਿਨ੍ਹਾਂ ਕੋਲ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦਾ ਵੀ ਚਾਰਜ ਹੈ, ਨੇ ਇਕ ਟਵੀਟ ’ਚ ਕਿਹਾ, ‘ਰਾਜ ਸਭਾ ਵਿੱਚ ਹੋਈ ਹਿੰਸਾ ਤੇ ਹੁੱਲੜਬਾਜ਼ੀ ਨੂੰ ਇਕ ਸੰਸਥਾ ਵਜੋ ਸੰਸਦ ਦੀ ਕਾਰਜਪ੍ਰਣਾਲੀ ’ਤੇ ਸ਼ਰਮਨਾਕ ਦਾਗ਼ ਵਜੋਂ ਯਾਦ ਕੀਤਾ ਜਾਵੇਗਾ।’ ਉਨ੍ਹਾਂ ਕਿਹਾ, ‘ਡਿਪਟੀ ਸਪੀਕਰ ਹਰੀਵੰਸ਼ ਬਾਬੂ ਵੱਲੋਂ ਹੁੱਲੜਬਾਜ਼ਾਂ ਨਾਲ ਨਜਿੱਠਣ ਲਈ ਵਿਖਾਈ ਨਿਮਰਤਾ, ਸੰਜਮ ਤੇ ਸਬਰ ਸਾਡੇ ਜਮਹੂਰੀ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਵਿਚਲੇ ਮੁੱਲਾਂ ਤੇ ਸਭਿਆਚਾਰ ਨੂੰ ਦਰਸਾਉਂਦਾ ਹੈ। -ਪੀਟੀਆਈ