ਪੱਤਰ ਪ੍ਰੇਰਕ
ਬਨੂੜ, 20 ਸਤੰਬਰ
ਬਨੂੜ ਦੇ ਵਾਰਡ ਨੰਬਰ ਪੰਜ ਦੇ ਸੈਣੀਆਂ ਵਾਲਾ ਮੁਹੱਲੇ ਦਾ 60 ਸਾਲਾ ਰਾਮ ਮਿਸਤਰੀ ਬੀਰ ਚੰਦ 18 ਸਤੰਬਰ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਲੌਕਡਾਊਨ ਕਾਰਨ ਬੰਦ ਹੋਏ ਉਸਾਰੀ ਦੇ ਕੰਮਾਂ ਕਾਰਨ ਉਹ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ।
ਉਸ ਦੇ ਪੁੱਤਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ 18 ਸਤੰਬਰ ਨੂੰ ਸਵੇਰੇ 8.30 ਵਜੇ ਦੇ ਕਰੀਬ ਘਰ ਤੋਂ ਰੋਟੀ ਖਾ ਕੇ ਮਾਰਕੀਟ ਵਿੱਚ ਆਇਆ ਸੀ। ਉਨ੍ਹਾਂ ਦੱਸਿਆ ਕਿ ਉਹ ਦੁਬਾਰਾ ਘਰ ਵਾਪਿਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਹ ਬਨੂੜ ਸ਼ਹਿਰ ਅਤੇ ਆਲੇ ਦੁਆਲੇ ਦੇ ਸਮੁੱਚੇ ਖੇਤਰ ਵਿੱਚ ਭਾਲ ਕਰ ਚੁੱਕੇ ਹਨ ਪਰ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਬਨੂੜ ਦੀ ਪੁਲੀਸ ਕੋਲ ਵੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਾਈ ਗਈ ਹੈ।