ਨਵੀਂ ਦਿੱਲੀ, 17 ਸਤੰਬਰ
ਲੁਧਿਆਣਾ ਸੰਸਦੀ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਲੋਕ ਸਭਾ ਵਿੱਚ ਖੇਤੀ ਬਿਲਾਂ ’ਤੇ ਚਰਚਾ ਦੌਰਾਨ ਕਿਹਾ ਕਿ ਤਜਵੀਜ਼ਤ ਕਾਨੂੰਨ ‘ਕਿਸਾਨਾਂ ਨੂੰ ਖ਼ਤਮ ਕਰ ਦੇਣਗੇ’। ਉਨ੍ਹਾਂ ਬਿਲਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੰਡੀਆਂ ਤੋਂ 3630 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਤੇ ਇਹ ਪੈਸਾ ਅੱਗੇ ਕਿਸਾਨਾਂ ਦੀ ਭਲਾਈ ਦੇ ਨਾਲ ਪਿੰਡਾਂ ’ਚ ਬੁਨਿਆਦੀ ਢਾਂਚੇ ਦੀ ਊਸਾਰੀ ’ਤੇ ਖਰਚਿਆ ਜਾਂਦਾ ਹੈ। ਬਿੱਟੂ ਨੇ ਹੈਰਾਨਗੀ ਜਤਾਈ ਕਿ ਖੇਤੀ ਰਾਜਾਂ ਦਾ ਵਿਸ਼ਾ ਹੋਣ ਦੇ ਬਾਵਜੂਦ ਸਰਕਾਰ ਇਸ ਵਿੱਚ ਦਖ਼ਲ ਕਿਉਂ ਦੇ ਰਹੀ ਹੈ। ਉਨ੍ਹਾਂ ਕਿਹਾ, ‘ਰਾਜਾਂ ਵਿੱਚ ਅਸੈਂਬਲੀਆਂ ਵੀ ਹਨ…ਤੁਸੀਂ ਰਾਜਾਂ ਦੀਆਂ ਤਾਕਤਾਂ ਖੋਹਣੀਆਂ ਚਾਹੁੰਦੇ ਹੋ।’ ਬਿੱਟੂ ਨੇ ਕਿਹਾ ਕਿ ਮੁਕੰਮਲ ਜਾਂ ‘ਸੁਨਹਿਰੀ’ ਬਹੁਮੱਤ ਦਾ ਇਹ ਮਤਲਬ ਨਹੀਂ ਕਿ ਕੇਂਦਰ ਸਰਕਾਰ ਸਾਰੀਆਂ ਤਾਕਤਾਂ ਖੋਹ ਲਏ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨ ਵੱਡੇ ਕਾਰਪੋਰੇਟਾਂ ਨਾਲ ਵਿਵਾਦ ਦੀ ਸਥਿਤੀ ’ਚ ਝਗੜੇ ਝੇੜਿਆਂ ਦਾ ਨਬਿੇੜਾ ਕਿਵੇਂ ਕਰਨਗੇ। ਸਿੰਘ ਨੇ ਕਿਹਾ ਕਿ ਸਰਕਾਰ ਨੂੰ ਬਿੱਲ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉੱਤਰ ਭਾਰਤ ਦੇ ਕਿਸਾਨਾਂ ਨੂੰ ਇਸ ਮੁੱਦੇ ’ਤੇ ਹੱਥ ਮਿਲਾਉਣਾ ਚਾਹੀਦਾ ਹੈ।