ਬਾਦਲ, ਟੌਹੜਾ ਤੇ ਅਕਾਲੀ-ਭਾਜਪਾ ਗੱਠਜੋੜ
ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਦਾਅਵਾ ਕਿ ਗੁਰਚਰਨ ਸਿੰਘ ਟੌਹੜਾ, ਅਕਾਲੀ ਦਲ ਨੂੰ ਭਾਜਪਾ ਨਾਲ ਗੱਠਜੋੜ ਤੋਂ ਹਮੇਸ਼ਾ ਵਰਜਦੇ ਰਹੇ। ਇਹ ਤਾਂ ਠੀਕ ਹੈ ਲੇਕਿਨ ਟੌਹੜਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਅਤੇ ਗਰਮਖ਼ਿਆਲੀ ਆਗੂ ਸਿਮਰਨਜੀਤ ਸਿੰਘ ਮਾਨ ਨੂੰ ਉਭਾਰਨ ਲਈ ਅਕਾਲ ਤਖਤ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਨੂੰ ਵਰਤਿਆ। ਉੱਧਰ 1996 ਵਿਚ ਬਸਪਾ ਨਾਲ ਗੱਠਜੋੜ ਰਾਹੀਂ ਚੋਣਾਂ ਜਿੱਤਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਅਟਲ ਬਿਹਾਰੀ ਵਾਜਪਾਈ ਦੀ ਬਿਨਾਂ ਸ਼ਰਤ ਹਮਾਇਤ ਕਰ ਦਿੱਤੀ ਅਤੇ 1998 ਤੋਂ 2004 ਅਤੇ 2014 ਤੋਂ 2019 ਮੰਤਰੀ ਅਹੁਦੇ ਬਿਨਾਂ ਕੁਝ ਨਹੀਂ ਖੱਟਿਆ। ਨਾ ਚੰਡੀਗੜ੍ਹ ਲਿਆ, ਨਾ ਸ਼ਹੀਦ ਊਧਮ ਸਿੰਘ ਜ਼ਿਲ੍ਹੇ ਨੂੰ ਉਤਰਾਖੰਡ ’ਚ ਜਾਣੋਂ ਰੋਕ ਸਕੇ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਪੰਜਾਬੀਅਤ ਦੀ ਜਿੱਤ
ਸਤੰਬਰ ਦੇ ਅੰਕ ਵਿਚ ਸਵਰਾਜਬੀਰ ਦੀ ਸੰਪਾਦਕੀ ‘ਪੰਜਾਬੀਅਤ ਦੀ ਜਿੱਤ’ ਪੜ੍ਹਨ ਨੂੰ ਮਿਲੀ। ਖੇਤੀ ਆਰਡੀਨੈਂਸਾਂ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ 23 ਸਾਲ ਪੁਰਾਣੀ ਭਾਈਵਾਲੀ ਪਾਰਟੀ ਭਾਜਪਾ ਨਾਲੋਂ ਅਲਹਿਦਾ ਹੋਣਾ ਉਸ ਦੀ ਸਿਆਸੀ ਮਜਬੂਰੀ ਹੈ, ਕਿਸਾਨੀ ਜਾਂ ਪੰਜਾਬੀ ਮੁੱਦਿਆਂ ਨਾਲ ਉਸ ਦਾ ਕੋਈ ਬਹੁਤਾ ਸਰੋਕਾਰ ਨਹੀਂ। ਭਾਜਪਾ ਨਾਲ ਭਾਈਵਾਲੀ ਸਿਰਫ਼ ਸੱਤਾ ਹਾਸਿਲ ਕਰਨ ਤਕ ਹੀ ਸੀਮਤ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
(2)
ਸਵਰਾਜਬੀਰ ਨੇ ਸੰਪਾਦਕੀ ਵਿਚ ਬਹੁਤ ਮਹੱਤਵਪੂਰਨ ਪ੍ਰਸ਼ਨ ਉਠਾਏ ਹਨ। ਜਿਹੜਾ ਅਕਾਲੀ ਦਲ ਪਹਿਲਾਂ ਬਿੱਲਾਂ ਦੇ ਮਾਮਲੇ ਵਿਚ ਕੇਂਦਰ ਦਾ ਹਮਾਇਤੀ ਸੀ, ਉਹ ਅਚਾਨਕ ਕਿਸਾਨ ਦੇ ਹੱਕਾਂ ਦਾ ਰਾਗ ਕਿਉਂ ਅਲਾਪ ਰਿਹਾ ਹੈ? ਹੁਣ ਜਿਹੜੀਆਂ ਜਥੇਬੰਦੀਆਂ ਕਿਸਾਨ ਅੰਦੋਲਨ ਦੇ ਨਾਅਰੇ ਲਾ ਰਹੀਆਂ ਹਨ, ਕੀ ਉਹ ਪੰਜਾਬ ਦੇ ਦਲਿਤਾਂ ਅਤੇ ਔਰਤਾਂ ਲਈ ਵੀ ਸੜਕਾਂ ’ਤੇ ਆਉਣਗੀਆਂ? ਪੰਜਾਬ ਵਿਚ ਹੋਰ ਖੇਤਰਾਂ ਵਿਚ ਵਧ ਰਹੇ ਨਿੱਜੀਕਰਨ ਵਿਰੁੱਧ ਨਾਅਰਾ ਮਾਰਨਗੀਆਂ? ਇਹ ਪ੍ਰਸ਼ਨ ਹਰ ਪੰਜਾਬੀ ਦੇ ਮਨ ਵਿਚ ਉੱਠਣੇ ਲਾਜ਼ਮੀ ਹਨ।
ਬਲਜਿੰਦਰ ਸਿੰਘ (ਜਲੰਧਰ)
ਵਹਿਮਾਂ ਖ਼ਿਲਾਫ਼ ਸੇਧਗਾਰ ਮਿਡਲ
28 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਰਵਿੰਦਰ ਰੁਪਾਲ ਕੌਲਗੜ੍ਹ ਦਾ ਮਿਡਲ ‘ਜਦੋਂ ਲੈਚੀਆਂ ਕੰਮ ਨਾ ਆਈਆਂ’ ਬਹੁਤ ਹੀ ਚੰਗੀ ਸੇਧ ਦੇ ਰਿਹਾ ਹੈ ਕਿਉਂਕਿ ਜਿੱਥੇ ਅੱਜ ਇੱਕੀਵੀਂ ਸਦੀ ’ਚ ਮਨੁੱਖ ਨੇ ਇੰਨੀ ਪੜ੍ਹ ਲਿਖ ਕੇ ਤਰੱਕੀ ਕਰ ਲਈ ਹੈ, ਸਾਇੰਸ ਦੀਆਂ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਹਨ। ਪਰ ਫਿਰ ਵੀ ਮਨੁੱਖ ਵਹਿਮਾਂ ਭਰਮਾਂ ਦੇ ਜਾਲ ’ਚ ਪੂਰੀ ਤਰ੍ਹਾਂ ਫਸਿਆ ਹੋਇਆ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
(2)
ਮਿਡਲ ‘ਜਦੋਂ ਲੈਚੀਆਂ ਕੰਮ ਨਾ ਆਈਆਂ’ ਸਮਾਜ ਨੂੰ ਸੇਧ ਦੇਣ ਵਾਲਾ ਸੀ ਕਿਉਂਕਿ ਸਮਾਜ ਵਿਚ ਕੁਝ ਠੱਗ ਲੋਕ ਇਸੇ ਤਰ੍ਹਾਂ ਲੋਕਾਂ ਨੂੰ ਗੱਲਾਂ ਵਿਚ ਲਾ ਕੇ ਠੱਗਦੇ ਹੀ ਨਹੀਂ ਸਗੋਂ ਅੰਧਵਿਸ਼ਵਾਸ ਦੀਆਂ ਜੜ੍ਹਾਂ ਨੂੰ ਹੋਰ ਪੱਕੀਆਂ ਕਰਦੇ ਹਨ। ਜੇ ਸਾਰੇ ਲੋਕ ਲੇਖਕ ਦੇ ਬਾਪੂ ਵਰਗੀ ਸੋਚ ਦੇ ਧਾਰਨੀ ਹੋਣ ਤਾਂ ਅੰਧਵਿਸ਼ਵਾਸ ਵਹਿਮ-ਭਰਮ ਆਪਣੇ ਆਪ ਖ਼ਤਮ ਹੋ ਜਾਣਗੇ।
ਗੁਰਤੇਜ ਸਿੰਘ ਝੰਡਾ ਕਲਾਂ (ਮਾਨਸਾ)
ਸਿਆਸੀ ਨਾਟਕ ਬੰਦ ਹੋਣ
ਕੇਂਦਰ ਸਰਕਾਰ ਨੇ ਜੋ ਕਿਸਾਨ ਵਿਰੋਧੀ ਬਿਲ ਲਿਆਂਦੇ ਹਨ, ਹਰੇਕ ਕਿਸਾਨ ਫ਼ਿਕਰਮੰਦ ਹੈ। ਅੱਜ ਕਿਸਾਨ ਨੂੰ ਰੋਟੀ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਉਸ ਨੂੰ ਫ਼ਿਕਰ ਹੈ ਜੇ ਉਸ ਕੋਲੋਂ ਹੁਣ ਜ਼ਮੀਨ ਵੀ ਚਲੀ ਗਈ ਤਾਂ ਪਿੱਛੇ ਕੁਝ ਵੀ ਬਚਣਾ ਨਹੀਂ ਤੇ ਉਨ੍ਹਾਂ ਦੇ ਬੱਚੇ ਕੀ ਕਰਨਗੇ। ਹੁਣ ਕਿਸਾਨਾਂ ਦੀਆਂ ਪਤਨੀਆਂ ਵੀ ਧਰਨਿਆਂ ਵਿਚ ਕੁੱਦ ਪਈਆਂ ਹਨ ਪਰ ਸਾਡੇ ਸੂਬੇ ਦੀਆਂ ਰਾਜਨੀਤਕ ਪਾਰਟੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਮੌਜੂਦਾ ਕੈਪਟਨ ਸਰਕਾਰ ’ਤੇ ਦੋਸ਼ ਲਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਨੇ ਆਰਡੀਨੈਂਸਾਂ ਬਾਰੇ ਦੱਸਿਆ ਸੀ ਤੇ ਅਮਰਿੰਦਰ ਸਿੰਘ ਨੇ ਇਨ੍ਹਾਂ ਬਿਲਾਂ ’ਤੇ ਸਹਿਮਤੀ ਦਿੱਤੀ ਸੀ ਤੇ ਕੈਪਟਨ ਸਰਕਾਰ ਅਕਾਲੀ ਦਲ ਦੀ ਕੇਂਦਰ ਸਰਕਾਰ ਵਿਚ ਵਜ਼ੀਰ ਰਹੀ ਬੀਬੀ ਹਰਸਿਮਰਤ ਕੌਰ ਬਾਦਲ ’ਤੇ ਦੋਸ਼ ਲਾ ਰਹੀ ਹੈ ਕਿ ਉਨ੍ਹਾਂ ਨੇ ਸਹਿਮਤੀ ਦਿੱਤੀ ਸੀ। ਇਨ੍ਹਾਂ ਨੂੰ ਇਹ ਸਿਆਸੀ ਡਰਾਮੇਬਾਜ਼ੀ ਬੰਦ ਕਰਨੀ ਚਾਹੀਦੀ ਹੈ।
ਸੁਖਦੇਵ ਸਿੱਧੂ ਕੁਸਲਾ, ਮਾਨਸਾ
ਆਨਲਾਈਨ ਅੰਕ ਦਾ ਲੇਖ
ਪੰਜਾਬੀ ਟ੍ਰਿਬਿਊਨ ਦੇ 26 ਸਤੰਬਰ ਦੇ ਆਨਲਾਈਨ ਅੰਕ ‘ਤਬਸਰਾ’ ਵਿਚ ਪ੍ਰੋਫ਼ੈਸਰ ਵੇਦ ਪ੍ਰਕਾਸ਼ ਸ਼ਰਮਾ ਦਾ ਲੇਖ ‘ਧੰਨੇ ਭਗਤਾ ਤੇਰਾ ਕੌਣ ਬੇਲੀ’ ਪੜ੍ਹਿਆ। ਲੇਖਕ ਨੇ ਕਿਸਾਨਾਂ ਦੇ ਧਰਨੇ ਨੂੰ ਸਾਹਮਣੇ ਰੱਖਦਿਆਂ ਲੇਖ ਵਿਚ ਕਿਸਾਨਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ। ਆੜ੍ਹਤੀਏ ਤੇ ਕਿਸਾਨਾਂ ਦਾ ਰਿਸ਼ਤਾ ਅਤੇ ਕਿਸਾਨਾਂ ਤੇ ਸੀਰੀ ਦਾ ਰਿਸ਼ਤਾ ਬਹੁਤ ਗਹਿਰਾ ਹੈ। ਇਹ ਸਾਰੇ ਇਕ ਦੂਜੇ ਦੇ ਖ਼ੁਸ਼ੀ ਗਮੀ ਦੇ ਭਾਈਵਾਲ ਹਨ, ਪਰ ਨਵੇਂ ਕਾਨੂੰਨਾਂ ਨਾਲ ਇਹ ਸਾਂਝ ਟੁੱਟ ਜਾਵੇਗੀ।
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
ਥਰਮਲ ਪਲਾਂਟ
25 ਸਤੰਬਰ ਨੂੰ ਇੰਜੀ. ਭੁਪਿੰਦਰ ਸਿੰਘ ਦਾ ਰਾਜਪੁਰਾ ਥਰਮਲ ਪਲਾਂਟ ਖ਼ਰੀਦਣ ਬਾਰੇ ਲੇਖ ਪੜ੍ਹਿਆ। ਵੱਡੇ ਵਪਾਰਕ ਘਰਾਣਿਆਂ ਦੇ ਕਰੂਰ ਪੂੰਜੀਵਾਦ ਵੱਲੋਂ ਨਿਰੇ ਆਪਣੇ ਮੁਨਾਫ਼ੇ ਲਈ ਜੋ ਕਪਟ ਦਾ ਨੰਗਾ ਨਾਚ ਹੋ ਰਿਹਾ ਹੈ, ਉਹ ਆਮ ਨਾਗਰਿਕ ਦਾ ਵੀ ਧਿਆਨ ਆਕਰਸ਼ਿਤ ਕਰਨ ਲੱਗਾ ਹੈ। ਅਸੀਂ ਪੂਰੇ ਦੇਸ਼ ਅੰਦਰ ਸਭ ਤੋਂ ਮਹਿੰਗੀ ਬਿਜਲੀ ਖ਼ਰੀਦਣ ਵਾਲੇ ਲੋਕ ਹਾਂ। ਮਾਹਿਰ ਦੱਸਦੇ ਹਨ ਕਿ ਸੂਬੇ ਵਿਚ ਲੋੜ ਨਾਲੋਂ ਵੱਧ ਸਮਰੱਥਾ ਦੇ ਪ੍ਰਾਈਵੇਟ ਪਲਾਂਟ ਲਗਵਾਉਣਾ ਇਸ ਮਹਿੰਗੀ ਬਿਜਲੀ ਦਾ ਕਾਰਨ ਹਨ। ਹੁਣ ਰਾਜਪੁਰਾ ਥਰਪਲ ਪਲਾਂਟ ਵਾਲੀ ਐਲ ਐਂਡ ਟੀ ਕੰਪਨੀ ਆਪਣੀ 25 ਸਾਲ ਪਲਾਂਟ ਚਲਾਉਣ ਦੀ ਜ਼ਿੰਮੇਵਾਰੀ ਤੋਂ ਭੱਜਣ ਨੂੰ ਫਿਰਦੀ ਹੈ ਅਤੇ 25 ਫ਼ੀਸਦੀ ਉਮਰ ਹੰਢਾ ਚੁੱਕਾ ਪਲਾਂਟ ਸਰਕਾਰ ਨੂੰ ਵੇਚ ਕੇ ਲੋਕਾਂ ਦਾ ਪੈਸਾ ਯੱਕਮੁਸ਼ਤ ਮੁੱਛਣਾ ਚਾਹੁੰਦੀ ਹੈ।
ਸਤਨਾਮ ਸਿੰਘ, ਮਾਨਸਾ