ਸਲਾਮਤ ਉਸ ਦਾ ਨਾਂ ਜ਼ਰੂਰ ਸੀ। ਪਰ ਉਸ ਦੀ ਜ਼ਿੰਦਗੀ ਦੁੱਖਾਂ ਦਰਦਾਂ ਨਾਲ ਭਰੀ ਸੀ। ਉਸ ਦੇ ਨਾਂ ਤੋਂ ਹੀ ਪਤਾ ਲਗਦਾ ਸੀ ਕਿ ਉਸ ਦਾ ਧਰਮ ਮੁਸਲਿਮ ਸੀ। ਮੈਂ ਆਪਣੇ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਸੀ ਕਿ ਦੌਲਤ ਅਤੇ ਇੱਜ਼ਤ ਦੇ ਲੁਟੇਰਿਆਂ ਦੀ ਜ਼ਹਾਲਤ ਦਾ ਸ਼ਿਕਾਰ ਹੋਈ ਸੀ ਸਲਾਮਤ। ਦਰਿੰਦਿਆਂ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਨੇ ਉਸ ਦੇ ਪਤੀ, ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਦਿੱਤਾ ਸੀ। ਉਸ ਦੇ ਕਬੀਲੇ ਦੇ ਸਾਰੇ ਲੋਕ ਪਾਕਿਸਤਾਨ ਚਲੇ ਗਏ। ਉਹ ਸੋਹਣੀ ਬਹੁਤ ਸੀ। ਪਿੰਡ ਦੇ ਚੌਧਰੀਆਂ ਨੇ ਉਸ ਨੂੰ ਆਪਣੇ ਸਵਾਰਥ ਲਈ ਬਚਾਅ ਲਿਆ। ਮੁੜ ਉਹ ਸਾਡੇ ਪਿੰਡ ਹੀ ਵਸ ਗਈ। ਉਸ ਨੇ ਆਪਣੀ ਬਾਕੀ ਜ਼ਿੰਦਗੀ ਕੱਟਣ ਲਈ ਦੁਨੀਆਦਾਰੀ ਰੱਖਣ ਨੂੰ ਭਾਵੇਂ ਆਪਣੇ ਉੱਤੇ ਹੋਏ ਤਸ਼ਦੱਦ ਨੂੰ ਭੁਲਾ ਦਿੱਤਾ ਸੀ, ਪਰ ਉਸ ਦੇ ਚਿਹਰੇ ਤੋਂ ਉਸ ਨਾਲ ਹੋਏ ਗੈਰ-ਮਨੁੱਖੀ ਵਤੀਰੇ ਦਾ ਗ਼ਮ ਜ਼ਰੂਰ ਝਲਕਦਾ ਸੀ।
ਉਸ ਬਾਰੇ ਲੋਕਾਂ ਨੂੰ ਕਹਿੰਦੇ ਸੁਣਿਆ ਸੀ ਕਿ ਕਦੇ-ਕਦੇ ਆਪਣੇ ਕੋਲ ਬੈਠਣ ਵਾਲਿਆਂ ਨੂੰ ਜਦੋਂ ਉਹ ਆਪਣਾ ਅਤੀਤ ਸੁਣਾਉਂਦੀ ਸੀ ਤਾਂ ਸੁਣਨ ਵਾਲਿਆਂ ਦੇ ਹੰਝੂ ਰੁਕਦੇ ਨਹੀਂ ਸਨ। ਉਸ ਦੀ ਗ਼ੁਰਬਤ ਨੇ ਉਸ ਵਿੱਚ ਸਬਰ, ਹਲੀਮੀ, ਸਲੀਕਾ ਅਤੇ ਸਮੇਂ ਦੀ ਨਜ਼ਾਕਤ ਨੂੰ ਪਛਾਨਣ ਦਾ ਗੁਣ ਪੈਦਾ ਕਰ ਦਿੱਤਾ ਸੀ। ਜਦੋਂ ਤੋਂ ਮੈਂ ਸੁਰਤ ਸੰਭਾਲੀ ਮੈਂ ਉਸ ਨੂੰ ਆਪਣੇ ਪਿੰਡ ਦੇ ਵਿਚਕਾਰ ਇੱਕ ਪਿਲਕਣ ਦੇ ਬੂਟੇ ਹੇਠਾਂ ਇੱਕ ਵੱਡੀ ਛੱਨ ਵਿੱਚ ਵਸਦੇ ਵੇਖਿਆ। ਜੀਵਨ ਬਸਰ ਲਈ ਅੱਲ੍ਹਾ ਨੇ ਉਸ ਉੱਤੇ ਇੱਕ ਰਹਿਮਤ ਕਰ ਦਿੱਤੀ ਸੀ ਕਿ ਉਸ ਨੇ ਬਾਂਸ ਦੀਆਂ ਘਰ ਵਿੱਚ ਵਰਤਣਯੋਗ ਚੀਜ਼ਾਂ ਬਣਾਉਣੀਆਂ ਸਿੱਖ ਲਈਆਂ । ਅਸੀਂ ਉਸ ਨੂੰ ਦਿਨਾਂ ਤਿਉਹਾਰਾਂ, ਵਿਆਹਾਂ, ਖੁਸ਼ੀ ਅਤੇ ਗਮੀਂ ਦੇ ਮੌਕਿਆਂ ’ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦਿਆਂ ਵੀ ਵੇਖਿਆ ਸੀ। ਅਸੀਂ ਲੋਂਕਾਂ ਨੂੰ ਕਹਿੰਦੇ ਸੁਣਿਆ ਸੀ ਕਿ ਜਿਸ ਘਰ ਵੀ ਉਹ ਕੰਮ ਕਰਨ ਜਾਂਦੀ, ਉਸ ਘਰ ਨੂੰ ਆਪਣਾ ਘਰ ਸਮਝ ਕੇ ਕੰਮ ਕਰਦੀ। ਉਸ ਦੇ ਆਉਣ ਨਾਲ ਘਰਦਿਆਂ ਨੂੰ ਬੇਫਿਕਰੀ ਹੋ ਜਾਂਦੀ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਸ ਦੇ ਹੁੰਦਿਆਂ ਉਨ੍ਹਾਂ ਨੂੰ ਕੁਝ ਵੀ ਵੇਖਣ ਦੀ ਲੋੜ ਨਹੀਂ। ਉਹ ਕੰਮ ਪੈਸੇ ਕਮਾਉਣ ਲਈ ਨਹੀਂ ਸਗੋਂ ਆਪਣੇ ਮਨ ਦੀ ਖੁਸ਼ੀ ਲਈ ਕਰਦੀ ਸੀ। ਉਸ ਨੇ ਕੰਮ ਕਰਨ ਦਾ ਕਿਸੇ ਤੋਂ ਕਦੇ ਵੀ ਕੁਝ ਨਹੀਂ ਮੰਗਿਆ ਸੀ ਪਰ ਲੋਕ ਉਸ ਦਾ ਰੱਖਦੇ ਵੀ ਨਹੀਂ ਸਨ। ਦਿਨਾਂ ਤਿਉਹਾਰਾ ’ਤੇ ਪਿੰਡ ਦੇ ਲੋਕ ਉਸ ਨੂੰ ਰੋਟੀ, ਮਠਿਆਈਆਂ ਅਤੇ ਹੋਰ ਸੌਗਾਤਾਂ ਦੇ ਜਾਂਦੇ। ਉਸ ਦੀ ਨਿਮਰਤਾ ਅਤੇ ਸੁੱਖ-ਦੁੱਖ ਵਿੱਚ ਕੰਮ ਆਉਣ ਦੀ ਆਦਤ ਨੇ ਉਸ ਦਾ ਲੋਕਾਂ ਨਾਲ ਕਾਫੀ ਮੇਲ ਜੋਲ ਵਧਾ ਰੱਖਿਆ ਸੀ। ਪਿੰਡ ਦਾ ਸ਼ਾਇਦ ਹੀ ਕੋਈ ਘਰ ਹੁੰਦਾ, ਜਿਸ ਦੇ ਕਾਰਜ ਵਿੱਚ ਉਸ ਦੀ ਸ਼ਮੂਲੀਅਤ ਨਾ ਹੋਵੇ। ਉਂਝ ਵੀ ਪਿੰਡ ਦੇ ਲੋਕ ਉਸ ਦੇ ਹਾਲਾਤ ਨੂੰ ਵੇਖਦਿਆਂ ਉਸ ਨੂੰ ਕੁਝ ਨਾ ਕੁਝ ਦੇ ਆਉਂਦੇ।
ਸਲਾਮਤ ਉੱਤੇ ਅੱਲ੍ਹਾ ਦੀ ਇਸ ਰਹਿਮਤ ਨੇ ਉਸ ਨੂੰ ਪਿੰਡ ਦੇ ਹਰ ਘਰ ਦੀ ਮੈਂਬਰ ਬਣਾ ਦਿੱਤਾ ਸੀ। ਪਿੰਡ ਦੀਆਂ ਔਰਤਾਂ ਆਪਣੀ ਉਮਰ ਮੁਤਾਬਕ ਉਸ ਨੂੰ ਅਦਬ ਨਾਲ ਤਾਈ, ਚਾਚੀ, ਭਾਬੀ ਅਤੇ ਬੇਬੇ ਕਹਿ ਕੇ ਬੁਲਾਉਂਦੀਆਂ। ਉਸ ਦੇ ਗੁਣਾਂ ਨੇ ਪਿੰਡ ਦੇ ਹਰ ਬਸ਼ਰ ਨਾਲ ਉਸ ਦਾ ਰਿਸ਼ਤਾ ਜੋੜ ਦਿੱਤਾ ਸੀ। ਪਰ ਫੇਰ ਵੀ ਜਨੂੰਨੀ ਅਤੇ ਫਿਰਕਾਪ੍ਰਸਤੀ ਵਾਲੇ ਦਿਮਾਗਾਂ ਵਿੱਚੋਂ ਉਸਦੇ ਮੁਸਲਮਾਨ ਹੋਣ ਦਾ ਗੁਬਾਰ ਨਿਕਲਿਆ ਨਹੀਂ ਸੀ। ਸਲਾਮਤ ਦੀ ਖਾਸੀਅਤ ਇਹ ਵੀ ਸੀ ਕਿ ਅਸੀਂ ਲੋਕਾਂ ਉਸ ਦਾ ਭਾਵੇਂ ਸਭ ਕੁਝ ਖੋਹ ਲਿਆ ਸੀ ਪਰ ਉਸ ਕੋਲ ਜੋ ਵੀ ਹੁੰਦਾ, ਉਹ ਗਰੀਬ-ਗੁਰਬੇ ਦੀ ਮਦਦ ਕਰ ਛੱਡਦੀ ਸੀ। ਗ਼ਰੀਬ ਕੁੜੀਆਂ ਦੇ ਵਿਆਹਾਂ ’ਤੇ ਉਹ ਉਨ੍ਹਾਂ ਦੀ ਮਦਦ ਜ਼ਰੂਰ ਕਰਦੀ ਸੀ। ਉਸ ਨੂੰ ਬੱਚਿਆਂ ਨਾਲ ਬਹੁਤ ਮੋਹ ਸੀ। ਜਿਨ੍ਹਾਂ ਲੋਕਾਂ ਨੇ ਉਸ ਦੇ ਬੱਚਿਆਂ ਨੂੰ ਮਰਿਆ ਸੀ ਉਨ੍ਹਾ ਦੇ ਪੋਤੇ-ਪੋਤੀਆਂ ਨੂੰ ਉਹ ਰੱਜ ਕੇ ਮੋਹ ਕਰਦੀ। ਸਾਰੇ ਪਿੰਡ ਦੇ ਬੱਚਿਆਂ ਦੀ ਉਹ ਜਗਤ ਭੂਆ ਸੀ। ਬੱਚੇ ਵੀ ਉਸ ਨਾਲ ਦਿਲੋਂ ਪਿਆਰ ਕਰਦੇ ਸਨ।
ਸਾਡੀ ਮਾਂ ਨਾਲ ਉਸ ਦਾ ਕਾਫੀ ਮੋਹ ਸੀ। ਉਸ ਦਾ ਅਕਸਰ ਸਾਡੇ ਘਰ ਆਉਣਾ ਜਾਣਾ ਬਣਿਆ ਰਹਿੰਦਾ। ਜਿਸ ਦਿਨ ਮੇਰੇ ਪਿਤਾ ਜੀ ਦੀ ਮੌਤ ਹੋਈ, ਉਸ ਨੇ ਮੇਰੀ ਮਾਂ ਨੂੰ ਬੁੱਕਲ ਵਿੱਚ ਲੈ ਕੇ ਕਿਹਾ ਸੀ: ‘ਮੁੰਨੀ, ਮੁਸੀਬਤਾਂ ਦਲੇਰੀ ਨਾਲ ਕੱਟੀਆਂ ਜਾਂਦੀਆਂ ਹਨ, ਢੇਰੀ ਢਾਹ ਕੇ ਨਹੀਂ। ਤੈਨੂੰ ਇਨ੍ਹਾਂ ਬੱਚਿਆਂ ਲਈ ਮਾਂ-ਬਾਪ ਹੋ ਕੇ ਜਿਉਣਾ ਪੈਣਾ ਹੈ।’ ਸਲਾਮਤ ਦੇ ਇਨ੍ਹਾਂ ਸ਼ਬਦਾਂ ਨੇ ਮੈਨੂੰ ਉਸ ਨਾਲ ਮਨੋਂ ਜੋੜ ਦਿੱਤਾ ਸੀ। ਉਸ ਦੇ ਚਿਹਰੇ ਵਿੱਚੋਂ ਮੈਨੂੰ ਆਪਣੀ ਨਾਨੀ ਨਜ਼ਰ ਆਈ ਸੀ। ਸਲਾਮਤ ਕੋਲ ਬੱਚਿਆਂ ਦਾ ਮੇਲਾ ਲੱਗਿਆ ਰਹਿੰਦਾ, ਕਿਉਂਕਿ ਜਿਹੜਾ ਵੀ ਬੱਚਾ ਉਸ ਨੂੰ ਭੂਆ ਕਹਿ ਕੇ ਉਸ ਤੋਂ ਕੁਝ ਖਾਣ ਲਈ ਮੰਗਦਾ, ਸਲਾਮਤ ਝੱਟ ਉਸ ਦੀ ਖਾਹਿਸ਼ ਪੂਰੀ ਕਰ ਦਿੰਦੀ। ਉਹ ਆਪਣੇ ਕੋਲ ਹਰ ਵੇਲੇ ਟਾਫੀਆਂ, ਕੇਲੇ, ਬਿਸਕੁਟ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਜਮ੍ਹਾਂ ਰੱਖਦੀ, ਕਿਉਂ ਕਿ ਉਸ ਨੂੰ ਪਤਾ ਹੁੰਦਾ ਕਿ ਬੱਚਿਆਂ ਨੇ ਸਵੇਰੇ ਸ਼ਾਮ ਉਸ ਕੋਲ ਮੰਗਣ ਲਈ ਆਉਣਾ ਹੈ। ਉਸ ਦੇ ਨੇੜੇ-ਤੇੜੇ ਰਹਿੰਦੇ ਬੱਚੇ ਤਾਂ ਸਕੂਲ ਨੂੰ ਆਉਣ ਜਾਣ ਲੱਗਿਆਂ ਵੀ ਉਸ ਕੋਲੋਂ ਹੋ ਕੇ ਜਾਂਦੇ ਸਨ। ਛੁੱਟੀ ਵਾਲੇ ਦਿਨ ਤਾਂ ਉਨ੍ਹਾਂ ਦਾ ਸਾਰਾ ਦਿਨ ਉਸ ਦੇ ਘਰ ਨੇੜੇ ਹੀ ਖੇਡਦਿਆਂ ਲੰਘਦਾ। ਉਸ ਦੇ ਪਿਆਰ ਦੇ ਨਿੱਘ ਨੇ ਸਾਡੇ ਪਿੰਡ ਦੇ ਬੱਚਿਆਂ ਨਾਲ ਐਨੀ ਗਹਿਰੀ ਸਾਂਝ ਪਾ ਲਈ ਸੀ ਕਿ ਸਾਨੂੰ ਉਹ ਸੱਚ ਮੁੱਚ ਦੀ ਭੂਆ ਲਗਦੀ ਸੀ। ਬੱਚਿਆਂ ਦੇ ਪਾਸ ਹੋਣ ਦੀ ਐਨੀ ਖੁਸ਼ੀ ਉਨ੍ਹਾਂ ਦੇ ਮਾਪਿਆਂ ਨੂੰ ਨਹੀਂ ਹੁੰਦੀ ਸੀ ਜਿੰਨੀ ਉਸ ਨੂੰ ਹੁੰਦੀ ਸੀ। ਮੇਰੇ ਨੌਕਰੀ ਲੱਗਣ ’ਤੇ ਉਸ ਨੇ ਧਰਤੀ ਨੂੰ ਹੱਥ ਲਾ ਕੇ ਕਿਹਾ ਸੀ, ‘ਅੱਲ੍ਹਾ, ਤੇਰਾ ਸ਼ੁਕਰ ਹੈ ਕਿ ਇਸ ਟੱਬਰ ਦੇ ਵੀ ਦਿਨ ਬਦਲਣ ਲੱਗੇ ਹਨ।’
ਪਾਕਿਸਤਾਨ ਬਣਨ ਦੇ ਕਾਫੀ ਸਾਲਾਂ ਮਗਰੋਂ ਉਨ੍ਹਾਂ ਦੇ ਕਬੀਲੇ ਦਾ ਇੱਕ ਬਜ਼ੁਰਗ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਵੇਲੇ ਦੇ ਲੋਕਾਂ ਦੇ ਜਿਉਂਦੇ ਹੋਣ ਦੀ ਆਸ ਰੱਖ ਕੇ ਉਨ੍ਹਾਂ ਨੂੰ ਮਿਲਣ ਲਈ ਸਾਡੇ ਪਿੰਡ ਆਇਆ। ਜਿਨ੍ਹਾਂ ਲੋਕਾਂ ਨੂੰ ਉਹ ਮਿਲਣਾ ਚਾਹੁੰਦਾ ਸੀ ਉਨ੍ਹਾਂ ਵਿੱਚੋਂ ਵਿਰਲੇ-ਵਿਰਲੇ ਅਜੇ ਜਿਉਂਦੇ ਸਨ। ਪਿੰਡ ਦੇ ਲੋਕਾਂ ਨੇ ਉਸ ਦਾ ਕਾਫੀ ਮਾਣ-ਸਤਿਕਾਰ ਕੀਤਾ। ਉਹ ਕਈ ਦਿਨ ਉਨ੍ਹਾਂ ਲੋਕਾਂ ਕੋਲ ਰਿਹਾ ਜਿਨ੍ਹਾਂ ਨੂੰ ਉਹ ਮਿਲਣ ਦੀ ਆਸ ਨਾਲ ਆਇਆ ਸੀ। ਉਸ ਨੂੰ ਸਲਾਮਤ ਦੇ ਜਿਉਂਦੇ ਹੋਣ ਦਾ ਵੀ ਪਤਾ ਲੱਗਾ। ਉਹ ਉਸ ਨੂੰ ਛੰਨ ਵਿੱਚ ਰਹਿੰਦਿਆਂ ਵੇਖ ਫੁੱਟ-ਫੁੱਟ ਕੇ ਰੋਇਆ। ਉਸ ਨੇ ਸਾਡੇ ਪਿੰਡ ਦੇ ਲੋਕਾਂ ਨੂੰ ਕਿਹਾ, ‘ਜੇ ਤੁਸੀਂ ਸਾਡੇ ਨਾਲ ਹੁਣ ਵਰਗਾ ਪਿਆਰ ਉਦੋਂ ਵਿਖਾਇਆ ਹੁੰਦਾ ਤਾਂ ਅਸੀਂ ਆਪਣੀ ਜੰਮਣ ਭੋਇੰ ਤੋਂ ਉੱਜੜਨਾ ਨਹੀਂ ਸੀ।’ ਉਸ ਬਜ਼ੁਰਗ ਦੇ ਸ਼ਬਦਾਂ ਨੇ ਪਿੰਡ ਦੇ ਲੋਕਾਂ ਨੂੰ ਤਰੇਲੀਆਂ ਪੁਆ ਦਿੱਤੀਆਂ। ਉਸ ਬਜ਼ੁਰਗ ਨੇ ਸਲਾਮਤ ਨੂੰ ਕਿਹਾ ਕਿ ਉਹ ਉਸ ਨਾਲ ਪਾਕਿਸਤਾਨ ਨਾਲ ਚੱਲੇ।
ਸਲਾਮਤ ਨੇ ਉਸ ਨੂੰ ਅੱਗੋਂ ਕਿਹਾ, ‘ਵੀਰ, ਹੁਣ ਤੁਹਾਡੇ ਨਾਲ ਮੇਰਾ ਜਾਣਾ ਸੰਭਵ ਨਹੀਂ। ਹੁਣ ਤੁਹਾਡੇ ਨਾਲੋਂ ਮੈਨੂੰ ਇਹ ਜ਼ਿਆਦਾ ਆਪਣੇ ਪਿਆਰੇ ਲਗਦੇ ਨੇ। ਮੈਂ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਇਨ੍ਹਾਂ ਨਾਲ ਕੱਟ ਕੇ ਇਸ ਦੁਨੀਆ ਤੋਂ ਜਾਣਾ ਚਾਹੁੰਦੀ ਹਾਂ।’ ਉਹ ਬਜ਼ੁਰਗ ਪਾਕਿਸਤਾਨ ਮੁੜ ਗਿਆ। ਸਲਾਮਤ ਇੱਥੇ ਹੀ ਰਹੀ। ਉਹ ਪਿੰਡ ਦੀ ਮਿੱਟੀ ਨਾਲ ਮਿੱਟੀ ਹੋ ਗਈ। ਅੱਜ ਸਲਮਤ ਤਾਂ ਨਹੀਂ ਹੈ। ਪਰ ਉਸ ਦੀਆਂ ਯਾਦਾਂ ਮੌਜੂਦ ਹਨ। ਸਾਡੇ ਪਿੰਡ ਦੇ ਬੱਚੇ ਜਦ ਵੀ ਮਿਲਦੇ ਹਨ, ਉਹ ਸਲਾਮਤ ਭੂਆ ਦੀ ਗੱਲ ਜ਼ਰੂਰ ਕਰਦੇ ਹਨ।
*ਮਾਧਵ ਨਗਰ, ਨੰਗਲ ਟਾਊਨਸ਼ਿਪ
ਸੰਪਰਕ: 98726-27136