ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਸਤੰਬਰ
ਇਕ ਔਰਤ ਵਲੋਂ ਆਪਣੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਮਾਰ ਕੁੱਟ ਕਰਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਅੱਜ ਪੁਲੀਸ ਨੇ ਇਸ ਔਰਤ ਅਤੇ ਉਸ ਦੇ ਪਤੀ ਖਿਲਾਫ਼ ਜੁਵੀਨਲ ਜਸਟਿਸ ਐਕਟ ਹੇਠ ਕੇਸ ਦਰਜ ਕਰ ਲਿਆ ਹੈ। ਇਹ ਬੱਚਾ ਫਿਲਹਾਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿਚ ਪੁਲੀਸ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਉਨਾਂ ਦੀ ਸ਼ਨਾਖਤ ਅਮਨਪ੍ਰੀਤ ਕੌਰ ਤੇ ਉਸ ਦਾ ਪਤੀ ਜਗਜੀਤ ਸਿੰਘ ਵਜੋਂ ਹੋਈ ਹੈ। ਇਸ ਸਬੰਧ ਵਿਚ ਸਥਾਨਕ ਵਸਨੀਕ ਵਲੋਂ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਵੀਡੀਓ ਵਿਚ ਇਹ ਔਰਤ ਆਪਣੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਸੀ ਅਤੇ ਇਸ ਦਾ ਪਤੀ ਇਸ ਨੂੰ ਰੋਕਣ ਅਤੇ ਬੱਚੇ ਨੂੰ ਬਚਾਉਣ ਦੀ ਥਾਂ ਵੀਡੀਓ ਬਣਾ ਰਿਹਾ ਸੀ । ਵਾਇਰਲ ਹੋਈ ਇਸ ਵੀਡੀਓ ਤੋਂ ਬਾਅਦ ਚਾਈਲਡ ਹੈਲਪਲਾਈਨ ਵਲੋਂ ਇਸ ਬੱਚੇ ਨੂੰ ਇਲਾਜ ਵਾਸਤੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਇਹ ਔਰਤ ਨੇ ਪੁਲੀਸ ਕੋਲ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਦੋ ਮਹੀਣੇ ਪੁਰਾਣੀ ਹੈ ਅਤੇ ਉਸ ਵੇਲੇ ਇਹ ਬੱਚਾ ਠੀਕ ਸੀ। ਉਸ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਉਸ ਵੇਲੇ ਵਾਇਰਲ ਹੋਈ ਜਦੋ ਉਸ ਨੇ ਆਪਣੇ ਪਹਿਲੇ ਪਤੀ ਖਿਲਾਫ਼ ਪੁਲੀਸ ਕੋਲ ਬੱਚੇ ਨੂੰ ਮਾਰ ਕੁੱਟ ਕਰਨ ਦੀ ਸ਼ਿਕਾਇਤ ਕੀਤੀ। ਇਸ ਦੌਰਾਨ ਪੁਲੀਸ ਨੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਹੇਠ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।