ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 28 ਸਤੰਬਰ
ਹਰਿਆਣਾ ਸਰਕਾਰ ਨੇ ਖਿਡਾਰੀਆਂ ਦੇ ਹਿੱਤ ਵਿਚ ਫੈਸਲਾ ਲੈਂਦੇ ਹੋਏ ਨਗਦ ਪੁਰਸਕਾਰ ਅਤੇ ਭੀਮ ਪੁਰਸਕਾਰ ਲਈ ਬਿਨੈ ਕਰਨ ਦੀ ਆਖਰੀ ਮਿਤੀ 15 ਅਕਤੂਬਰ ਤੱਕ ਵਧਾ ਦਿੱਤੀ ਹੈ। ਇਹ ਜਾਣਕਾਰੀ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਦਿੱਤੀ। ਉਨ੍ਹਾਂ ਦਸਿਆ ਕਿ ਪਹਿਲਾਂ ਵਿਭਾਗ ਵੱਲੋਂ ਸੂਬੇ ਦੇ ਸਭ ਤੋਂ ਵਧੀਆ ਖਿਡਾਰੀਆਂ ਨੂੰ ਖੇਡ ਉਪਲਬਧੀਆਂ ਦੇ ਆਧਾਰ ‘ਤੇ ਨਗਦ ਪੁਰਸਕਾਰ ਅਤੇ ਭੀਮ ਪੁਰਸਕਾਰ ਲਈ 15 ਅਗਸਤ ਤੱਕ ਆਪਣੇ-ਆਪਣੇ ਜ਼ਿਲ੍ਹਾ ਦੇ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਦਫਤਰ ਵਿਚ ਬਿਨੈ ਜਮ੍ਹਾਂ ਕਰਵਾਉਣ ਨੂੰ ਕਿਹਾ ਗਿਆ ਸੀ ਪਰ ਕਈ ਯੋਗ ਖਿਡਾਰੀ ਕਿਸੇ ਕਾਰਨ ਵਜੋ ਇਸ ਸਮੇਂ ਸੀਮਾ ਵਿਚ ਬਿਨੈ ਜਮਾਂ ਨਹੀਂ ਕਰ ਸਕੇ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਨਗਦ ਪੁਰਸਕਾਰ ਅਤੇ ਭੀਮ ਪੁਰਸਕਾਰ ਦੇ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 15 ਅਕਤੂਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਬਿਨੈ ਪੱਤਰ ਵਿਭਾਗ ਦੀ ਵੈਬਸਾਈਟ www.haryanasports.gov.in ਤੋਂ ਡਾਊਨਲੋਡ ਕਰ ਸਕਦੇ ਹਨ ਜਾਂ ਕਿਸੇ ਵੀ ਕਾਰਜ ਦਿਨ ਨੂੰ ਦਫਤਰ ਤੋਂ ਵੀ ਪ੍ਰਾਪਤ ਕਰ ਸਕਦੇ ਹਨ।