ਰਾਜਪੁਰਾ ਥਰਮਲ ਪਲਾਂਟ: ਸਪਸ਼ਟਤਾ ਦੀ ਲੋੜ
25 ਸਤੰਬਰ ਦੇ ਪੰਜਾਬੀ ਟ੍ਰਿਬਿਊਨ ਵਿਚ ਇੰਜ. ਭੁਪਿੰਦਰ ਸਿੰਘ ਦਾ ਲੇਖ ‘ਪੰਜਾਬ ਦੀ ਬਿਜਲੀ ਸਮੱਸਿਆ ਅਤੇ ਰਾਜਪੁਰਾ ਥਰਮਲ ਪਲਾਂਟ’ ਪੜ੍ਹਿਆ। ਐਲ ਐਂਡ ਟੀ ਕੰਪਨੀ ਨੇ ਪਿਛਲੇ ਦਿਨੀਂ ਇਹ ਪਲਾਂਟ ਪਾਵਰਕੌਮ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਸ ਲੇਖ ਵਿਚ ਵੀ ਐਲ ਐਂਡ ਟੀ ਕੰਪਨੀ ਵੱਲੋਂ ਦਿੱਤੇ ਪੇਸ਼ਕਸ਼ ਪੱਤਰ ਵਾਲੀਆਂ ਗੱਲਾਂ ਹੀ ਕੀਤੀਆਂ ਗਈਆਂ ਹਨ ਜਿਵੇਂ ਜਪਾਨੀ ਤਕਨੀਕ, ਸੁਪਰ ਕ੍ਰਿਟੀਕਲ, ਫਿਕਸਡ ਚਾਰਜ ਅਦਾਇਗੀ, ਪਛਵਾੜਾ ਕੋਇਲਾ ਖਾਣ ਦਾ ਕੋਇਲਾ, 700 ਮੈਗਾਵਾਟ ਸਮਰੱਥਾ ਦਾ ਹੋਰ ਯੂਨਿਟ ਲਗਾਉਣ ਦੀ ਸਹੂਲਤ ਆਦਿ। ਸ੍ਰੀ ਭੁਪਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਦੱਸੇ ਗਏ ਨੁਕਤਿਆਂ ਨੂੰ ਉਭਾਰ ਕੇ ਕੰਪਨੀ ਦਾ ਸੇਲਜ਼ਮੈਨ ਹੋਣ ਦਾ ਪ੍ਰਭਾਵ ਦਿੱਤਾ ਹੈ। ਇਸ ਤੋਂ ਬਿਨਾਂ ਉਨ੍ਹਾਂ ਆਪਣੇ ਲੇਖ ਵਿਚ ਅੰਕੜਿਆਂ ਨੂੰ ਸਹੀ ਪੇਸ਼ ਨਹੀਂ ਕੀਤਾ। ਲੇਖ ਦੇ ਅਖ਼ੀਰ ’ਤੇ ਨਤੀਜਾ ਇਹ ਕੱਢਿਆ ਹੈ ਕਿ ਪਲਾਂਟ ਖ਼ਰੀਦਣ ਨਾਲ ਫਿਕਸਡ ਚਾਰਜ ਨਹੀਂ ਦੇਣੇ ਪੈਣਗੇ, ਜਿਸ ਨਾਲ ਰਾਜ ਨੂੰ 1200 ਤੋਂ 1500 ਕਰੋੜ ਰੁਪਏ ਸਾਲਾਨਾ ਲਾਭ ਹੋਵੇਗਾ। ਦੱਸਿਆ ਜਾਂਦਾ ਹੈ ਕਿ ਕੰਪਨੀ ਨੇ 9668 ਕਰੋੜ ਰੁਪਏ ਵਿਚ ਪਲਾਂਟ ਵੇਚਣ ਦੀ ਪੇਸ਼ਕਸ਼ ਕੀਤੀ ਹੈ। 11 ਫ਼ੀਸਦੀ ਦਰ ਨਾਲ ਇਸ ਰਕਮ ਦਾ ਸਾਲਾਨਾ ਵਿਆਜ ਹੀ 1063 ਕਰੋੜ ਰੁਪਏ ਬਣਦਾ ਹੈ, 9668 ਕਰੋੜ ਰੁਪਏ ਦਾ ਜੋ ਮੂਲਧਨ ਮੋੜਨਾ ਉਹ ਤਾਂ ਵੱਖਰਾ ਹੈ ਹੀ। ਇਸ ਨੂੰ ਚਲਾਉਣ ਲਈ ਪਾਵਰਕੌਮ ਨੂੰ ਸਲਾਨਾ ਤਨਖ਼ਾਹਾਂ ਅਤੇ ਚਲਾਈ ਖ਼ਰਚਾ ਲਗਭਗ 400 ਕਰੋੜ ਰੁਪਏ ਕਰਨਾ ਪਵੇਗਾ ਜਿਸ ਵਿਚ 15-20 ਦਿਨ ਦਾ ਕੋਲਾ ਜਮ੍ਹਾਂ ਰੱਖਣ ਲਈ ਲੋੜੀਂਦੀ ਪੂੰਜੀ ਦਾ ਵਿਆਜ ਵੀ ਸ਼ਾਮਿਲ ਹੋਵੇਗਾ। ਇੰਝ ਇਹ ਕੁਲ ਸਲਾਨਾ ਰਕਮ 1463 ਰੁਪਏ ਬਣਦੀ ਹੈ ਜਦਕਿ ਹੁਣ ਸਲਾਨਾ ਫਿਕਸਡ ਚਾਰਜ 1100 ਕਰੋੜ ਅਦਾ ਕੀਤੇ ਜਾ ਰਹੇ ਹਨ। ਕੀ ਲੇਖਕ ਇਹ ਦੱਸਣ ਦੀ ਕ੍ਰਿਪਾਲਤਾ ਕਰੇਗਾ ਕਿ ਫਿਰ 1200-1500 ਕਰੋੜ ਰੁਪਏ ਦੀ ਸਲਾਨਾ ਬੱਚਤ ਕਿਵੇਂ ਹੋਵੇਗੀ? ਮੇਰੇ ਖਿਆਲ ਨਾਲ ਜੇ ਕੰਪਨੀ ਇਹ ਪਲਾਂਟ ਰਾਜ ਨੂੰ ਮੁਫ਼ਤ ਵੀ ਦੇ ਦੇਵੇ ਤਾਂ ਵੀ ਏਨੀ ਬੱਚਤ ਸੰਭਵ ਨਹੀਂ ਹੈ।
ਰਿਪਜੀਤ ਸਿੰਘ, ਪਟਿਆਲਾ
ਜਾਤੀ ਅਤੇ ਜਮਾਤੀ ਪਾੜਾ
25 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਚਰਨਜੀਤ ਸਿੰਘ ਰਾਜੌਰ ਦਾ ਮਿਡਲ ‘ਜਾਤੀ ਤੇ ਜਮਾਤੀ ਪਾੜਾ’ ਸਮਾਜ ਦੀ ਬਿਮਾਰ ਮਾਨਸਿਕਤਾ ਨੂੰ ਪੇਸ਼ ਕਰਦਾ ਹੈ। ਲੇਖਕ ਨੇ ਬਚਪਨ ਵਿਚ ਹੋਏ ਜਾਤੀ ਵਿਤਕਰੇ ਤੋਂ ਸਬਕ ਲੈਂਦਿਆਂ ਮਿਹਨਤ ਕਰ ਕੇ ਆਪਣੀ ਯੋਗਤਾ ਦੇ ਆਧਾਰ ’ਤੇ ਕਾਮਯਾਬੀ ਹਾਸਿਲ ਕੀਤੀ। ਇਹ ਵਿਤਕਰਾ ਅੱਜ ਵੀ ਬਰਕਰਾਰ ਹੈ ਜਿਵੇਂ ਲੇਖਕ ਦੀ ਪਤਨੀ ਵੱਲੋਂ ਉਨ੍ਹਾਂ ਬੱਚਿਆਂ ਦੇ ਕੱਪੜੇ ਵਧੀਆ ਨਾ ਹੋਣ ਕਰ ਕੇ ਉਨ੍ਹਾਂ ਨਾਲ ਵਿਤਕਰਾ ਕਰਨਾ। ਪਰ ਲੇਖਕ ਸਮਝ ਤੋਂ ਕੰਮ ਲੈਂਦਿਆਂ ਬੱਚਿਆਂ ਨਾਲ ਸਹੀ ਢੰਗ ਨਾਲ ਪੇਸ਼ ਆਇਆ।
ਗੁਰਤੇਜ ਸਿੰਘ ਝੰਡਾ ਕਲਾਂ (ਮਾਨਸਾ)
(2)
ਚਰਨਜੀਤ ਸਿੰਘ ਰਾਜੌਰ ਦੀ ‘ਜਾਤੀ ਤੇ ਜਮਾਤੀ ਪਾੜਾ’ ਖ਼ੂਬਸੂਰਤ ਰਚਨਾ ਹੈ। ਲੇਖਕ ਦੀ ਵੇਦਨਾ ਅਤੇ ਸੋਚ ਵਿਚ ਡੁੱਬਿਆ ਦਰਦ ਸ਼ਬਦਾਂ ਵਿਚੋਂ ਮਹਿਸੂਸ ਹੋ ਰਿਹਾ ਹੈ। ਪ੍ਰਸ਼ਨ ਇਹ ਉੱਠਦਾ ਹੈ ਕੀ ਸਾਡਾ ਬੁੱਧੀਜੀਵੀ ਵਰਗ ਵੀ ਇਸ ਪਾੜੇ ਨੂੰ ਘਟਾ ਸਕਦਾ ਹੈ? ਪਰ ਲੱਗਦਾ ਹੈ ਕਿ ਦਿੱਲੀ ਅਜੇ ਬਹੁਤ ਦੂਰ ਹੈ।
ਡਾ. ਪ੍ਰਮਿੰਦਰ ਕੌਰ ਤਾਂਘੀ, ਈਮੇਲ
ਮੈਂ ਦੋਸ਼ ਲਾਉਂਦਾ ਹਾਂ…
24 ਸਤੰਬਰ ਦੇ ਨਜ਼ਰੀਆ ਪੰਨੇ ’ਤੇ ‘ਮੈਂ ਦੋਸ਼ ਲਾਉਂਦਾ ਹਾਂ…’ ਪੜ੍ਹਿਆ। ਉਸ ਵਿਚ ਜੂਲੀਓ ਰਬਿੇਰੋ ਨੇ ਕਪਿਲ ਮਿਸ਼ਰਾ, ਅਨੁਰਾਗ ਵਰਮਾ ਤੇ ਪਰਵੇਸ਼ ਵਰਮਾ ਜਿਹੇ ਲੋਕਾਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਦੀ ਗੱਲ ਕੀਤੀ ਹੈ। ਵਾਕਈ ਪੁਲੀਸ ਨੂੰ ਕਪਿਲ ਮਿਸ਼ਰਾ ਵੀ ਨਜ਼ਰ ਨਹੀਂ ਆਇਆ ਜਿਸ ਨੇ ਘੱਟਗਿਣਤੀਆਂ ਵਿਰੁੱਧ ਭੜਕਾਊ ਭਾਸ਼ਨ ਦਿੱਤਾ ਸੀ। ਉਸ ਭਾਸ਼ਨ ਦੀ ਵੀਡੀਓ ਦਿੱਲੀ ਹਾਈਕੋਰਟ ਵਿਚ ਵੀ ਪੁਲੀਸ ਨੂੰ ਦਿਖਾਈ ਗਈ ਸੀ, ਜਿਸ ਜੱਜ ਨੇ ਇਸ ਗੱਲ ਦਾ ਨੋਟਿਸ ਲਿਆ, ਅਗਲੀ ਸੁਣਵਾਈ ਤੋਂ ਪਹਿਲਾਂ ਹੀ ਉਸ ਨੂੰ ਬਦਲ ਦਿੱਤਾ ਗਿਆ ਸੀ। ਭਾਵੇਂ ਸੌਂ ਚਿੱਠੀਆਂ ਲਿਖਣ, ਕੀ ਅਜਿਹੀ ਸਰਕਾਰ ਤੋਂ ਰਬਿੇਰੋ ਆਸ ਰੱਖਦੇ ਹਨ ਉਹ ਪੁਲੀਸ ਨੂੰ ਕੋਈ ਕਾਰਵਾਈ ਕਰਨ ਲਈ ਕਹੇਗੀ?
ਵਿਦਵਾਨ ਸਿੰਘ ਸੋਨੀ, ਪਟਿਆਲਾ
ਸਵਾਲਾਂ ਦੇ ਜਵਾਬ ਮਿਲਣੇ ਵੀ ਨਹੀਂ
24 ਸਤੰਬਰ ਦਾ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਜਦੋਂ ਸਵਾਲਾਂ ਦੇ ਜਵਾਬ ਨਾ ਮਿਲੇ’ ਸਕੂਲਾਂ ਵਿਚ ਰਾਜਨੀਤਕ ਦਖ਼ਲਅੰਦਾਜ਼ੀ ਦਾ ਪਰਦਾਫਾਸ਼ ਕਰਨ ਵਾਲਾ ਸੀ। ਕਈ ਵਾਰੀ ਸਕੂਲਾਂ ਦੇ ਪ੍ਰੋਗਰਾਮਾਂ ਵਿਚ ਅਜਿਹੇ ਬੰਦਿਆਂ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾ ਲਿਆ ਜਾਂਦਾ ਹੈ ਜਿਨ੍ਹਾਂ ਦਾ ਪਿਛੋਕੜ ਚੰਗਾ ਨਹੀਂ ਹੁੰਦਾ। ਇਨ੍ਹਾਂ ਗੱਲਾਂ ਦਾ ਵਿਦਿਆਰਥੀਆਂ ਦੇ ਮਨ ’ਤੇ ਬਹੁਤ ਹੀ ਬੁਰਾ ਅਸਰ ਪੈਂਦਾ, ਬਲਕਿ ਪ੍ਰੋਗਰਾਮ ਬਣਾਉਣ ਵਾਲਿਆਂ ਦਾ ਵੀ ਮਜ਼ਾਕ ਵੀ ਹੁੰਦਾ ਹੈ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)