ਮਿਹਰ ਸਿੰਘ
ਕੁਰਾਲੀ, 22 ਸਤੰਬਰ
ਪਿੰਡ ਕਾਲੇਵਾਲ ਨੂੰ ਚਤਾਮਲਾ ਨਾਲ ਜੋੜਨ ਵਾਲੀ ਲਿੰਕ ਸੜਕ ਬਣਾਉਣ ਲਈ ਵਰਤੇ ਗਏ ਗੈਰ-ਮਿਆਰੀ ਮਟੀਰੀਅਲ ਸਬੰਧੀ ਪਿੰਡ ਵਾਸੀਆਂ ਨੇ ਸ਼ਿਕਾਇਤ ਭੇਜ ਕੇ ਸੜਕ ਦੇ ਕੰਮ ਦੀ ਜਾਂਚ ਮੰਗੀ ਹੈ। ਪਿੰਡ ਵਾਸੀਆਂ ਨੇ ਇਸ ਗੈਰ-ਮਿਆਰੀ ਸੜਕ ਦੇ ਨਿਰਮਾਣ ਲਈ ਜ਼ਿੰਮੇਵਾਰ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤਹਿ ਕਰ ਕੇ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਲੋਕ ਨਿਰਮਾਣ ਵਿਭਾਗ ਵਲੋਂ ਬਣਾਈ ਜਾ ਰਹੀ ਲਿੰਕ ਸੜਕ ’ਤੇ ਪਾਈ ਪ੍ਰੀਮਿਕਸ ਦਿਖਾਉਂਦਿਆਂ ਪਿੰਡ ਦੇ ਵਸਨੀਕ ਤੇ ਐੱਸਜੀਪੀਸੀ ਮੈਂਬਰ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਗੁਰਪ੍ਰੀਤ ਸਿੰਘ, ਫਤਹਿਪ੍ਰੀਤ ਸਿੰਘ, ਲਾਭ ਸਿੰਘ, ਮਨਜੀਤ ਸਿੰਘ, ਜਗਤਾਰ, ਗੁਰਮੇਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕਾਫ਼ੀ ਸਮੇਂ ਦੀ ਖਸਤਾ ਹਾਲਤ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਵਲੋਂ ਇਸ ਲਿੰਕ ਸੜਕ ਦੀ ਸਾਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਨਿਰਮਾਣ ਵਿਭਾਗ ਸੜਕ ਦੀ ਲੀਪਾਪੋਚੀ ਕਰਨ ਵਿੱਚ ਜੁਟਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਗੈਰ ਮਿਆਰੀ ਸਾਮਾਨ ਦੀ ਵਰਤੋਂ ਕਰਨ ਅਤੇ ਸੜਕ ਨਿਰਮਾਣ ਲਈ ਮਾਪਦੰਡਾਂ ਦੀ ਵਰਤੋਂ ਨਹੀਂ ਕੀਤੀ ਗਈ, ਜਿਸ ਕਾਰਨ ਇਹ ਸੜਕ ਵਧੇਰੇ ਸਮਾਂ ਨਹੀਂ ਚੱਲ ਸਕਦੀ। ਆਗੂਆਂ ਨੇ ਕਿਹਾ ਕਿ ਸੜਕ ਉਤੇ ਪਾਈ ਪ੍ਰੀਮਿਕਸ ਵਿਚੋਂ ਪੁਰਾਣੀ ਖਸਤਾ ਹਲਤ ਸੜਕ ਵੀ ਸਾਫ਼ ਨਜ਼ਰ ਆ ਰਹੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਠੇਕੇਦਾਰ ਵਲੋਂ ਸਹੀ ਮਟੀਰੀਅਲ ਨਹੀਂ ਵਰਤਿਆ ਗਿਆ ਅਤੇ ਨਾ ਹੀ ਸਹੀ ਤੈਹ ਵਛਾਈ ਗਈ ਹੈ। ਜਥੇਦਾਰ ਚਰਨਜੀਤ ਸਿੰਘ ਕਾਲੇਵਾਲ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਘੱਟ ਤੇ ਗੈਰਮਿਆਰੀ ਮਟੀਰੀਅਲ ਵਰਤ ਕੇ ਬਣਾਈ ਇਹ ਸੜਕ ਕੁਝ ਮਹੀਨਿਆਂ ਵਿੱਚ ਹੀ ਦਮ ਤੋੜ ਜਾਵੇਗੀ ਅਤੇ ਇਸਦਾ ਸੰਤਾਪ ਇਲਾਕਾ ਨਿਵਾਸੀਆਂ ਨੂੰ ਭੁਗਤਣਾ ਪਏਗਾ।
ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਲਖਵਿੰਦਰ ਸਿੰਘ ਨੇ ਗੈਰਮਿਆਰੀ ਮਟੀਰੀਅਲ ਵਰਤੇ ਜਾਣ ਅਤੇ ਮਾਪਦੰਡਾਂ ਅਨੁਸਾਰ ਸੜਕ ਨਾ ਬਣਾਏ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੜਕ ਉੱਤੇ 20 ਐੱਮਐੱਮ ਮਟੀਰੀਅਲ ਦੀ ਤਹਿ ਪਾ ਕੇ ਹੀ ਸੜਕ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਹਾਲੇ ਮੁਕੰਮਲ ਨਹੀਂ ਹੋਇਆ ਸਗੋਂ ਕੰਮ ਚੱਲ ਰਿਹਾ ਹੈ। ਉਨ੍ਹਾਂ ਸੜਕ ਦਾ ਖੁਦ ਮੌਕਾ ਦੇਖਣ ਅਤੇ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਵੀ ਦਿੱਤਾ।