ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਸਤੰਬਰ
ਦਿੱਲੀ ਪੁਲੀਸ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਫ੍ਰੀਲਾਂਸ ਪੱਤਰਕਾਰ ਰਾਜੀਵ ਸ਼ਰਮਾ ਸਰਹੱਦ ’ਤੇ ਭਾਰਤੀ ਰਣਨੀਤੀ ਅਤੇ ਫ਼ੌਜੀਆਂ ਦੀ ਤਾਇਨਾਤੀ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਕਥਿਤ ਤੌਰ ’ਤੇ ਚੀਨ ਦੇ ਖੁਫ਼ੀਆ ਵਿਭਾਗ ਨੂੰ ਦੇ ਰਿਹਾ ਸੀ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਡੀਸੀਪੀ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਪੱਤਰਕਾਰ ਸ਼ਰਮਾ ਕੁੱਝ ਭਾਰਤੀ ਮੀਡੀਆ ਸੰਸਥਾਵਾਂ ਦੇ ਨਾਲ ਨਾਲ ਚੀਨ ਦੇ ‘ਗਲੋਬਲ ਟਾਈਮਜ਼’ ਅਖ਼ਬਾਰ ਲਈ ਵੀ ਰੱਖਿਆ ਮਾਮਲਿਆਂ ਬਾਰੇ ਲਿਖਦਾ ਸੀ। ਕੇਂਦਰੀ ਖ਼ੁਫ਼ੀਆਂ ਏਜੰਸੀਆਂ ਦੀ ਸੂਚਨਾ ਦੇ ਆਧਾਰ ’ਤੇ ਸ਼ਰਮਾ ਨੂੰ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਊਸ ਕੋਲੋਂ ਰੱਖਿਆ ਮੰਤਰਾਲੇ ਨਾਲ ਜੁੜੇ ਗੁਪਤ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਊਨ੍ਹਾਂ ਦੱਸਿਆ ਕਿ ਸ਼ਰਮਾ ਨੂੰ ਫਰਜ਼ੀ ਕੰਪਨੀਆਂ ਰਾਹੀਂ ਵੱਡੀ ਰਕਮ ਦੇਣ ਦੇ ਦੋਸ਼ ਵਿੱਚ ਇੱਕ ਚੀਨੀ ਮੂਲ ਦੀ ਔਰਤ ਅਤੇ ਨੇਪਾਲੀ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਸੀਪੀ ਸ੍ਰੀ ਯਾਦਵ ਨੇ ਦੱਸਿਆ ਕਿ ਪੱਤਰਕਾਰ ਸ਼ਰਮਾ 2016 ਤੋਂ ਚੀਨ ਲਈ ਜਾਸੂਸੀ ਕਰ ਰਿਹਾ ਸੀ ਅਤੇ ਇਸੇ ਦੌਰਾਨ ਉਹ ਚੀਨੀ ਖੁਫ਼ੀਆ ਅਧਿਕਾਰੀ ਮਾਈਕਲ ਦੇ ਸੰਪਰਕ ਵਿੱਚ ਆਇਆ ਤੇ ਸੁਰੱਖਿਆ ਬਾਰੇ ਖੁਫ਼ੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਥਾਈਲੈਂਡ, ਮਾਲਦੀਵ, ਲਾਊਸ ਅਤੇ ਕਾਠਮੰਡੂ ਵਿੱਚ ਮੀਟਿੰਗਾਂ ਦੌਰਾਨ ਰਾਜੀਵ ਸ਼ਰਮਾ ਨੇ ਚੀਨੀ ਅਧਿਕਾਰੀਆਂ ਨੂੰ ਫ਼ੌਜ ਦੀ ਤਿਆਰੀ, ਸਰਕਾਰੀ ਨੀਤੀ ਤੇ ਸਰਹੱਦੀ ਸਰਗਰਮੀਆਂ, ਸਮੱਸਿਆਵਾਂ ਅਤੇ ਦੋਵਾਂ ਮੁਲਕਾਂ ਦੇ ਸਬੰਧਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਊਸ ਕੋਲ ਸਵਾ ਸਾਲ ਦੌਰਾਨ 40-45 ਲੱਖ ਤੋਂ ਵੱਧ ਰਕਮ ਬਾਹਰੋਂ ਆਈ ਸੀ। ਰਾਜੀਵ ਸ਼ਰਮਾ ਨੂੰ ਜਾਸੂਸੀ ਮਾਮਲੇ ਵਿੱਚ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।