ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਸਤੰਬਰ
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਹੱਕ ਵਿਚ ਨਿੱਤਰਦਿਆਂ ਕਿਹਾ ਕਿ ਕਿਸਾਨੀ ਮਸਲਿਆਂ ’ਤੇ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਨੂੰ ਸਰਕਾਰਾਂ ਅੱਗੇ ਨਿਡਰ ਹੋ ਕੇ ਅਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਖੇਤੀਬਾੜੀ ਮਸਲਿਆਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਪਰ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਜਾਪਦਾ ਹੈ ਕਿ ਸਰਕਾਰ ਚੋਣਾਂ ਦੌਰਾਨ ਵੱਡੇ ਘਰਾਣਿਆਂ ਤੋਂ ਕਰੋੜਾਂ ਰੁਪਏ ਦੇ ਫੰਡ ਲੈਣ ਵਾਲੇ ਵਪਾਰੀਆਂ ਨੂੰ ਹੁਣ ਫ਼ਸਲਾਂ ਦੀ ਸਿੱਧੀ ਅਦਾਇਗੀ ਕਰਨ ਦੀ ਖੁੱਲ੍ਹ ਦੇ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀ ਲੁੱਟ ਹੋਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ’ਵਰਸਿਟੀ ਮਾਹਿਰ ਇਨ੍ਹਾਂ ਆਰਡੀਨੈਂਸਾਂ ਦੇ ਨੁਕਸਾਨਾਂ ਨੂੰ ਸਰਕਾਰਾਂ ਅਤੇ ਲੋਕਾਂ ਅੱਗੇ ਰੱਖਣ, ਜਿਸ ਨਾਲ ਸਹੀ ਸਥਿਤੀ ਸਾਹਮਣੇ ਆਵੇਗੀ। ਉਨ੍ਹਾਂ ਆੜ੍ਹਤੀਆਂ ਦੇ ਹੱਕ ’ਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਆੜ੍ਹਤੀ ਵਰਗ ਕਿਸਾਨਾਂ ਤੇ ਸਰਕਾਰ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਅਤੇ ਔਖੇ ਸਮੇਂ ਆਰਥਿਕ ਸਹਾਇਤਾ ਦੇ ਕੇ ਕਿਸਾਨਾਂ ਦੀ ਮਦਦ ਕਰਦਾ ਹੈ ਪਰ ਇਸ ਸਿਸਟਮ ਨੂੰ ਖ਼ਤਮ ਕਰਨਾ ਫਿਲਹਾਲ ਕਿਸਾਨਾਂ ਲਈ ਨੁਕਸਾਨਦੇਹ ਹੈ।
‘ਜਥੇਦਾਰ ਨੇ ਚਾਰ ਵਾਰ ਝੂਠ ਬੋਲ ਕੇ ਸਜ਼ਾਵਾਂ ਦੇਣ ਦਾ ਡਰਾਮਾ ਕੀਤਾ’
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਵਾਰ ਫਿਰ ਘੇਰਦਿਆਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਦੇ ਕਹਿੰਦੇ ਹਨ ਕਿ ਗਾਇਬ ਹੋਏ ਪਾਵਨ ਸਰੂਪ ਛਪੇ ਹੀ ਨਹੀਂ, ਕਦੇ ਕਹਿੰਦੇ ਹਨ ਕਿ ਚੋਰੀ ਹੋ ਗਏ, ਕਦੇ ਕਹਿੰਦੇ ਨੇ ਕਿ ਹੇਰਾਫ਼ੇਰੀ ਹੋ ਗਈ ਤੇ ਹੁਣ ਅਗਨ ਭੇਟ ਕਹਿ ਕੇ ਸਜ਼ਾਵਾਂ ਦੇਣ ਦਾ ਡਰਾਮਾ ਖੇਡਿਆ ਗਿਆ। ਭਾਈ ਰਣਜੀਤ ਸਿੰਘ ਨੇ ਕਿਹਾ, ‘‘ਜਥੇਦਾਰ ਹਰਪ੍ਰੀਤ ਸਿੰਘ ਬਿਆਨ ਦਿੰਦੇ ਹਨ ਕਿ ਅੱਜ ਦੀ ਨੌਜਵਾਨ ਪੀੜ੍ਹੀ ਸਾਥ ਨਹੀਂ ਦੇ ਰਹੀ, ਹੁਣ ਸੰਗਤ ਹੀ ਦੱਸੇ ਕਿ ਝੂਠ ਬੋਲਣ ਵਾਲਿਆਂ ਦਾ ਨੌਜਵਾਨ ਕਿਵੇਂ ਸਾਥ ਦੇਣਗੇ।’’