ਸਰਕਾਰਾਂ ਦਾ ਫਾਸ਼ੀਵਾਦੀ ਸਿਲਸਿਲਾ
12 ਸਤੰਬਰ ਦੇ ਅੰਕ ਵਿਚ ਸਵਰਾਜਬੀਰ ਦੇ ਲੇਖ ‘ਅਪਰੇਸ਼ਨ ਕੋਇੰਟਲਪ੍ਰੋ’ ਵਿਚ ਅਮਰੀਕੀ ਸਾਮਰਾਜ ਦੇ 1940-1950 ਦੇ ਦਹਾਕੇ ਦੇ ਫਾਸ਼ੀਵਾਦ ਨੂੰ ਬੇਪਰਦ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿਛਲੇ ਛੇ ਸਾਲਾਂ ਤੋਂ ਨੰਗੇ ਚਿੱਟੇ ਰੂਪ ਵਿਚ ਸਪੱਸ਼ਟ ਹੋ ਚੁੱਕਾ ਹੈ ਕਿ ਮੋਦੀ ਸਰਕਾਰ ਲੋਕ-ਪੱਖੀ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਇਤਿਹਾਸਕਾਰਾਂ, ਜਮਹੂਰੀ ਕਾਰਕੁਨਾਂ ਅਤੇ ਖ਼ਾਸ ਕਰਕੇ ਖੱਬੇ ਪੱਖੀਆਂ, ਦਲਿਤਾਂ ਅਤੇ ਮੁਸਲਮਾਨਾਂ ਨੂੰ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ਵਿਚ ਨਾਜਾਇਜ ਫਸਾ ਕੇ ਬਿਨਾਂ ਕਿਸੇ ਸੁਣਵਾਈ ਦੇ ਇਸ ਲਈ ਜੇਲ੍ਹਾਂ ਵਿਚ ਨਜ਼ਰਬੰਦ ਕਰ ਰਹੀ ਹੈ ਤਾਂ ਕਿ ਉਹ ਆਰਐੱਸਐੱਸ ਦੇ ਫ਼ਿਰਕੂ ਏਜੰਡੇ ਦਾ ਵਿਰੋਧ ਨਾ ਕਰ ਸਕਣ। ਹੁਣ ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਪੁਲੀਸ, ਸਮੂਹ ਜਾਂਚ ਏਜੰਸੀਆਂ, ਕਾਰਜਪਾਲਿਕਾ, ਮੀਡੀਆ ਮੋਦੀ ਸਰਕਾਰ ਅਤੇ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਹੇ ਹਨ।
ਸੁਮੀਤ ਸਿੰਘ, ਅੰਮ੍ਰਿਤਸਰ
ਮਹਾਂਸ਼ਕਤੀ ਬਣਨ ਦੀ ਮ੍ਰਿਗਤ੍ਰਿਸ਼ਨਾ
14 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜਤਿੰਦਰ ਪਨੂੰ ਦਾ ਲੇਖ ‘ਮਹਾਂਸ਼ਕਤੀ ਬਣਨ ਦੀ ਮ੍ਰਿਗਤ੍ਰਿਸ਼ਨਾ’ ਸਰਕਾਰ ਤੇ ਪ੍ਰਧਾਨ ਮੰਤਰੀ ’ਤੇ ਤਕੜਾ ਵਿਅੰਗ ਹੈ। ‘ਨਰਮੇ ਦੀ ਸੁੰਡੀ ਨਾ ਮਰੀ’ ਵਾਲਾ ਹਵਾਲਾ ਤਕੜਾ ਮਿਹਣਾ ਹੈ। ਪ੍ਰਧਾਨ ਮੰਤਰੀ ਦੇ ਜੁਮਲਿਆਂ ਨੂੰ ਲੈ ਕੇ ਲੋਕਾਂ ਨੂੰ ਅਸਲ ਮੁੱਦਿਆਂ ਵੱਲ ਝਾਕਣ ਹੀ ਨਾ ਦੇਣ ਦੀ ਮੁਹਾਰਤ ਦੀ ਗੱਲ ਵਧੀਆ ਸਲੀਕੇ ਨਾਲ ਕੀਤੀ ਹੈ। ਜਿਹੜਾ ਦੇਸ਼ ਬੇਰੁਜ਼ਗਾਰੀ, ਆਰਥਿਕਤਾ ਵਿਫਲਤਾ, ਟੁੱਟਦੀ ਭਾਈਚਾਰਕ ਸਾਂਝ ਅਤੇ ਮਹਾਮਾਰੀ ਨੂੰ ਨਜਿੱਠਣ ਵਿਚ ਬੇਵੱਸੀ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੋਵੇ, ਉਸ ਦੇਸ਼ ਨੂੰ ਮਹਾਂਸ਼ਕਤੀ ਕੋਈ ਅਕਲਮੰਦ ਤਾਂ ਨਹੀਂ ਕਹੇਗਾ।
ਜਗਰੂਪ ਸਿੰਘ ਉੱਭਾਵਾਲ, (ਸੰਗਰੂਰ)
(2)
ਜਤਿੰਦਰ ਪਨੂੰ ਨੇ ਆਪਣੇ ਲੇਖ ‘ਮਹਾਂਸ਼ਕਤੀ ਬਣਨ ਦੀ ਮ੍ਰਿਗਤ੍ਰਿਸ਼ਨਾ’ ਵਿਚ ਦੇਸ਼ ਦੇ ਉਨ੍ਹਾਂ ਲੀਡਰਾਂ ਦੀ ਗੱਲ ਕੀਤੀ ਹੈ ਜਿਹੜੇ ਆਪਣੀ ਪਿੱਠ ਥਾਪੜਨ ਲਈ ਵੱਡੇ ਵੱਡੇ ਲੱਛੇਦਾਰ ਭਾਸ਼ਨ ਦੇਣ ਵਿਚ ਮੁਹਾਰਤ ਰੱਖਦੇ ਹਨ। ਉਹ ਇਹ ਗੱਲ ਕਹਿੰਦੇ ਨਹੀਂ ਥੱਕਦੇ ਕਿ ਫਰਾਂਸ ਤੋਂ ਖਰੀਦੇ ਹੋਏ ਪੰਜ ਰਾਫ਼ਾਲ ਜਹਾਜ਼ ਅਸੀਂ ਆਪਣੇ ਹਵਾਈ ਬੇੜੇ ਵਿਚ ਸ਼ਾਮਿਲ ਕਰ ਕੇ ਇਕ ਮਹਾਂਸ਼ਕਤੀ ਬਣ ਗਏ ਹਾਂ ਜਦੋਂਕਿ ਸੌਦਾ ਕਾਫ਼ੀ ਮਹਿੰਗਾ ਹੈ। ਜੇ ਇੰਨੀਆਂ ਸਿਫ਼ਤਾਂ ਨਹੀਂ ਕਰਨਗੇ, ਤਾਂ ਕਿਵੇਂ ਸਾਬਤ ਹੋਵੇਗਾ ਕਿ ਵਧੀਆ ਸੌਦਾ ਕਰ ਕੇ ਦੇਸ਼ ਨੂੰ ਸੁਪਰ ਪਾਵਰ ਬਣਾ ਦਿੱਤਾ ਹੈ। ਇਸੇ ਤਰ੍ਹਾਂ 12 ਸਤੰਬਰ ਦੇ ਸਤਰੰਗ ਪੰਨੇ ’ਤੇ ਹਰਜਾਪ ਸਿੰਘ ਔਜਲਾ ਦਾ ਲੇਖ ‘ਮਹਾਨ ਸੰਗੀਤ ਨਿਰਦੇਸ਼ਕ ਐੱਸ. ਮੋਹਿੰਦਰ’ ਪੜ੍ਹਿਆ। ਸਫ਼ਲ ਸੰਗੀਤ ਨਿਰਦੇਸ਼ਕ ਦੇ ਮੁਕਾਮ ਤਕ ਪਹੁੰਚਣ ਲਈ ਉਨ੍ਹਾਂ ਨੂੰ ਲੰਮਾ ਪੈਂਡਾ ਤੈਅ ਕਰਨਾ ਪਿਆ। ਉਨ੍ਹਾਂ ਦੇ ਫ਼ਿਲਮ ‘ਸ਼ੀਰੀ ਫ਼ਰਹਾਦ’ ਦੇ ਸੰਗੀਤ ਨੇ ਫ਼ਿਲਮ ਸੰਗੀਤ ਖੇਤਰ ਵਿਚ ਖ਼ੂਬ ਨਾਮਣਾ ਖੱਟਿਆ ਅਤੇ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਦੇ ਸੰਗੀਤ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਨਿਵਾਜਿਆ ਗਿਆ। ਬਾਅਦ ਵਿਚ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰਨ ਫ਼ਿਲਮੀ ਸੰਗੀਤਕਾਰੀ ਛੱਡਣੀ ਪਈ।
ਫਕੀਰ ਸਿੰਘ ਸਾਬਕਾ ਪ੍ਰਿੰਸੀਪਲ, ਦਸੂਹਾ
ਅਕਾਲੀ ਦਲ ਦਾ ਮੋੜਾ
14 ਸਤੰਬਰ ਦਾ ਸੰਪਾਦਕੀ ‘ਅਕਾਲੀ ਦਲ ਦਾ ਮੋੜਾ’ ਜਿੱਥੇ ਕੇਂਦਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਅਕਾਲੀ ਦਲ ਦੀ ਸੋਚ ’ਚ ਆਏ ਤਾਜ਼ਾ ਬਦਲਾਓ ਦੀ ਗੱਲ ਕਰਦਾ ਹੈ, ਉੱਥੇ ਅਕਾਲੀ ਦਲ ਨੂੰ ਸਿਆਸੀ ਹਿੱਤ ਤਿਆਗ ਕੇ ਆਰਡੀਨੈਂਸਾਂ ਖ਼ਿਲਾਫ਼ ਕਿਸਾਨ ਧਿਰਾਂ ਨਾਲ ਖੜ੍ਹਨ ਦੀ ਸਲਾਹ ਦਿੰਦਾ ਹੈ। ਅਕਾਲੀ ਦਲ ਖ਼ੁਦ ਨੂੰ ਕਿਸਾਨ ਹਿਤੈਸ਼ੀ ਅਖਵਾਉਂਦਾ ਰਿਹਾ ਹੈ, ਪਰ ਹੁਣ ਇਹ ਕਿਸਾਨ ਹਿੱਤ ਵਿਚ ਸਪੱਸ਼ਟ ਸਟੈਂਡ ਨਹੀਂ ਲੈ ਰਿਹਾ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਲੋਕਾਂ ਦੀਆਂ ਲੋੜਾਂ
11 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਨੇ ਆਪਣੇ ਲੇਖਕ ‘ਮੂਧੇ ਮੂੰਹ ਡਿੱਗਿਆ ਅਰਥਚਾਰਾ ਕਿਵੇਂ ਸੰਭਲੇ’ ਵਿਚ ਅੰਕੜਿਆਂ ਸਮੇਤ ਜੋ ਜਾਣਕਾਰੀ ਸਾਹਮਣੇ ਲਿਆਂਦੀ ਹੈ, ਉਹ ਅੱਖਾਂ ਖੋਲ੍ਹਣ ਵਾਲੀ ਹੈ। ਵਰਤਮਾਨ ਕਾਲ ਵਿਚ ਸਿਆਸਤ ਦੀ ਖੇਡ ਨਾਲੋਂ ਲੋਕਾਈ ਦੀਆਂ ਲੋੜਾਂ ਅਨੁਸਾਰ ਅਮਲਾਂ ਦੀ ਵੱਧ ਲੋੜ ਹੈ।
ਗੁਰਮੀਤ ਸਿੰਘ ਚੀਮਾ
ਪਾਸ਼, ਆਲਮ, ਸ਼ਿਵ ਤੇ ਅੰਮ੍ਰਿਤਾ
9 ਸਤੰਬਰ ਨੂੰ ਗੁਰਦਾਸ ਰਾਮ ਆਲਮ ਬਾਰੇ ਪਾਸ਼ ਦਾ ਲੇਖ ਪੜ੍ਹਿਆ। 1972 ਵਿਚ ਆਲਮ ਨੂੰ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਨੇ ਇੰਗਲੈਂਡ ਸੱਦਿਆ ਸੀ। ਲੇਖਕ ਇਸ ਦਾ ਜਨਰਲ ਸਕੱਤਰ ਹੋਣ ਨਾਤੇ ਹੀਥਰੋ ਹਵਾਈ ਅੱਡੇ ਉੱਤੇ ਉਸ ਨੂੰ ਲੈਣ ਗਿਆ ਸੀ। ਸ਼ਿਵ ਕੁਮਾਰ ਬਟਾਲਵੀ ਨੂੰ ਕੈਲਾਸ਼ਪੁਰੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਅਜੀਤ ਭਵਰਾ ਨੇ ਸੱਦਿਆ ਸੀ। ਅੰਮ੍ਰਿਤਾ ਅਤੇ ਆਲਮ ਨੇ ਹੰਸਲੋ (Hounslow) ’ਚ ਇਕ ਕਵੀ ਦਰਬਾਰ ਵਿਚ ਇਕੱਠਿਆਂ ਭਾਗ ਲਿਆ ਸੀ। ਇਨ੍ਹਾਂ ਕਵੀ ਦਰਬਾਰਾਂ ਬਾਰੇ ਪੰਜਾਬ ਦੇ ਲੇਖਕਾਂ ਨੂੰ ਪੂਰੀ ਜਾਣਕਾਰੀ ਨਹੀਂ ਤੇ ਉਹ ਇਨ੍ਹਾਂ ਬਾਰੇ ਆਪੋ-ਆਪਣੇ ਢੰਗ ਨਾਲ ਲਿਖ ਰਹੇ ਹਨ।
ਗੁਰਨਾਮ ਢਿੱਲੋਂ, ਯੂਕੇ