ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 19 ਸਤੰਬਰ
ਪੁਲੀਸ ਨੇ ਦਿੱਲੀ ਦੇ ਕਾਰੋਬਾਰੀ ਖ਼ਿਲਾਫ਼ ਲੋਕਾਂ ਨੂੰ ਕਥਿਤ ਤੌਰ ‘ਤੇ ਸਬਜ਼ਬਾਗ ਦਿਖਾ ਕੇ ਲੱਖਾਂ ਰੁਪਏ ਠੱਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਰਵੀ ਵਰਮਾ ਕੁਝ ਸਾਲ ਪਹਿਲਾਂ ਫ਼ਰੀਦਕੋਟ ਵਿੱਚ ਵਪਾਰ ਕਰਨ ਲਈ ਆਇਆ ਸੀ ਅਤੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਨਿੱਜੀ ਸੁਰੱਖਿਆ ਕੰਪਨੀ ਚਲਾਉਣ ਲਈ ਮਾਨਤਾ ਪ੍ਰਾਪਤ ਹੈ ਅਤੇ ਉਸ ਨੇ ਸੈਂਕੜੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਤੇ ਨਿੱਜੀ ਦਫ਼ਤਰਾਂ ਲਈ ਭਰਤੀ ਕਰਨਾ ਹੈ। ਇਸ ਤੋਂ ਇਲਾਵਾ ਰਵੀ ਵਰਮਾ ਨੇ ਦਿੱਲੀ ਦਰਬਾਰ ਨਾਮ ਦਾ ਰੈਸਟੋਰੈਂਟ ਚਲਾ ਕੇ ਕਥਿਤ ਤੌਰ ‘ਤੇ ਸ਼ਹਿਰ ਦੇ ਕੁਝ ਲੋਕਾਂ ਨੂੰ ਹਿੱਸੇਦਾਰ ਬਣਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਬਟੋਰ ਲਏ। ਨਰਪ੍ਰੀਤ ਸਿੰਘ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਵੀ ਵਰਮਾ ਨੇ ਕਥਿਤ ਤੌਰ ‘ਤੇ ਉਸ ਦੇ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕਰਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ।
ਗੁਰਜੀਤ ਸਿੰਘ ਨੇ ਕਿਹਾ ਕਿ ਰਵੀ ਵਰਮਾ ਨੇ ਕਥਿਤ ਤੌਰ ‘ਤੇ ਉਸ ਤੋਂ ਆਪਣੇ ਰੈਸਟੋਰੈਂਟ ਲਈ ਦੁੱਧ ਉਧਾਰਾ ਲਿਆ ਪਰ ਉਸ ਦੇ ਪੈਸੇ ਦੇਣ ਤੋਂ ਮੁੱਕਰ ਗਿਆ। ਇਸੇ ਤਰ੍ਹਾਂ ਜਗਸੀਰ ਸਿੰਘ ਨੇ ਕਿਹਾ ਕਿ ਮਠਿਆਈ ਦਾ ਕੰਮ ਕਰਦਾ ਹੈ ਅਤੇ ਉਸ ਨੇ ਦਿੱਲੀ ਦਰਬਾਰ ਦੇ ਮਾਲਕ ਰਵੀ ਵਰਮਾ ਨੂੰ ਤਿੰਨ ਲੱਖ ਰੁਪਏ ਦੀ ਮਠਿਆਈ ਉਧਾਰ ਦਿੱਤੀ ਸੀ ਪਰ ਰਵੀ ਵਰਮਾ ਨੇ ਇਸ ਦੇ ਪੈਸੇ ਉਸ ਨੂੰ ਨਹੀ ਦਿੱਤੇ। ਇਸੇ ਤਰ੍ਹਾਂ ਰਵੀ ਵਰਮਾ ਨੇ ਆਪਣੇ ਇੱਕ ਮੁਲਾਜ਼ਮ ਦੇ ਨਾਮ ‘ਤੇ ਬੁਲੇਟ ਮੋਟਰਸਾਈਕਲ ਲੋਨ ਉੱਪਰ ਲੈ ਲਿਆ। ਇਸ ਮੋਟਰਸਾਈਕਲ ਦੀਆਂ ਕਿਸ਼ਤਾਂ ਹੁਣ ਮੁਲਾਜ਼ਮ ਨੂੰ ਭਰਨੀਆਂ ਪੈ ਰਹੀਆਂ ਹਨ ਅਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਰਵੀ ਵਰਮਾ ਖਿਲਾਫ਼ ਸ਼ਹਿਰ ਦੇ ਲੋਕਾਂ ਦੀਆਂ ਲਿਖਤੀ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਰਵੀ ਵਰਮਾ, ਉਸ ਦੀ ਪਤਨੀ ਅਨੀਤਾ ਵਰਮਾ ਅਤੇ ਇੱਕ ਹੋਰ ਵਿਅਕਤੀ ਖਿਲਾਫ਼ ਆਈ.ਪੀ.ਸੀ ਦੀ ਧਾਰਾ 420, 406, 465, 467, 468, 471 ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।