ਰਮਨਦੀਪ ਸਿੰਘ
ਚਾਉਕੇ, 21 ਸਤੰਬਰ
ਕੇਂਦਰ ਸਰਕਾਰ ਵੱਲੋਂ ਨਵੇਂ ਤਿੰਨ ਖੇਤੀ ਆਰਡੀਨੈਂਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਲਗਾਤਾਰ ਧਰਨਿਆਂ ’ਤੇ ਹਾਜ਼ਰੀ ਲਗਾਉਣ ਵਾਲੇ ਕਿਸਾਨਾਂ ਦੀ ਫ਼ਸਲਾਂ ’ਤੇ ਪੱਤਾ ਲਪੇਟ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਪਿੰਡ ਜੇਠੂਕੇ ਦੇ ਕਿਸਾਨ ਬੇਅੰਤ ਸਿੰਘ ਨੇ ਕਿਹਾ ਕਿ ਸੰਘਰਸ਼ ਕਾਰਨ ਪਹਿਲਾ ਤਾਂ ਝੋਨੇ ਵਿਚੋਂ ਨਦੀਨ ਨਹੀਂ ਕੱਢੇ ਗਏ ਹੁਣ ਫ਼ਸਲ ਨੂੰ ਪੱਤਾ ਲਪੇਟ ਸੁੰਡੀ ਨੇ ਖਾ ਲਿਆ ਹੈ। ਪਿੰਡ ਜਿਉਂਦ ਦੇ ਕਿਸਾਨ ਗੁਲਾਬ ਸਿੰਘ ਨੇ ਕਿਹਾ ਉਹ 15 ਅਗਸਤ ਤੋਂ ਧਰਨਿਆਂ ਵਿੱਚ ਹੀ ਲੱਗੇ ਹੋਏ ਸਨ ਪਿੱਛੋਂ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੋ ਗਿਆ।
ਪਿੰਡ ਮੰਡੀ ਕਲਾਂ ਦੇ ਨਿੱਕਾ ਸਿੰਘ ਨੇ ਕਿਹਾ ਕਿ ਉਸ ਨੇ ਪੰਜ ਏਕੜ ਠੇੇਕੇ ’ਤੇ ਲਈ ਸੀ ਜੋ ਸਾਰੀ ਹੀ ਸੁੰਡੀ ਦੀ ਭੇਟ ਚੜ੍ਹ ਗਈ ਹੈ। ਬੀਕੇਯੂ ਸਿੱਧੂਪਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਬਰਬਾਦੀ ਦਾ ਮੁੱਢ ਬੰਨ੍ਹਣਗੇ।
ਬਠਿੰਡਾ ਦੇ ਮੁੱਖ ਖੇਤੀ ਅਫ਼ਸਰ ਗੁਰਦਿੱਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਸਾਨ ਪਾਣੀ ਦੇ ਕਿਆਰੇ ਭਰ ਕੇ ਮੁੰਝ ਦੀ ਰੱਸੀ ਝੋਨੇ ’ਤੇ ਫੇਰਨ ਸੁੰਡੀ ਮਰ ਜਾਵੇਗੀ।