ਦੇਸ ਰਾਜ
ਸੁਲਤਾਨਪੁਰ ਲੋਧੀ, 16 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਬੀਤੇ ਤਿੰਨ ਦਿਨਾਂ ਤੋਂ ਤਿੰਨ ਦਰਿਆਵਾਂ ਦੇ ਪੁਲ ਹਰੀਕੇ ਹੈੱਡ, ਟਾਂਡਾ-ਸ੍ਰੀ ਹਰਗੋਬਿੰਦਪੁਰ ਤੇ ਬਿਆਸ ਦੇ ਪੁਲਾਂ ’ਤੇ ਲੱਗੇ ਧਰਨੇ ਜਨਤਾ ਦੀ ਹੁੰਦੀ ਖੱਜਲ ਖੁਆਰੀ ਨੂੰ ਦੇਖਦਿਆਂ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਚੁੱਕ ਲਏ ਗਏ। ਭਲ੍ਹਕ ਦੀ ਮੀਟਿੰਗ ਤੋਂ ਬਾਅਦ ਸਰਕਾਰ ਖਿਲਾਫ ਕੋਈ ਵੱਡਾ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਵੱਡੇ ਐਕਸ਼ਨ ਤਹਿਤ ਸਰਕਾਰ ਦੇ ਕੇਂਦਰੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਜਿਵੇਂ ਕੇਂਦਰੀ ਮੰਤਰੀ ਸੋਮਨਾਥ ਦੇ ਘਰ ਦਾ ਫਗਵਾੜਾ ਅਤੇ ਹਰਸਿਮਰਤ ਕੌਰ ਬਾਦਲ ਦੇ ਘਰ ਦਾ ਘਿਰਾਓ ਵੀ ਕੀਤਾ ਜਾ ਸਕਦਾ ਤੇ ਦੂਜਾ ਐਕਸ਼ਨ ਰੇਲਾਂ ਦੇ ਮਾਰਗ ਵੀ ਰੋਕੇ ਜਾ ਸਕਦੇ ਹਨ। ਇਸੇ ਤਰ੍ਹਾਂ ਤੀਜਾ ਐਕਸ਼ਨ ਦਿੱਲੀ ਵੱਲ ਨੂੰ ਕਿਸਾਨ ਤੇ ਮਜ਼ਦੂਰ ਸੰਸਦ ਦਾ ਘਿਰਾਓ ਵੀ ਕਰ ਸਕਦੇ ਹਨ। ਇਸ ਸਮੇਂ ਜ਼ਿਲਾ ਕਪੂਰਥਲਾ ਤੋਂ ਸਰਵਨ ਸਿੰਘ, ਸੁਖਪ੍ਰੀਤ ਸਿੰਘ ਪੱਸਣ ਕਦੀਮ, ਤਰਸੇਮ ਸਿੰਘ, ਵਿੱਕੀ ਜੈਨਪੁਰ, ਸ਼ੇਰ ਸਿੰਘ, ਭਜਨ ਸਿੰਘ ਖਿਜਰਪੁਰ, ਤਰਸੇਮ ਸਿੰਘ, ਪਰਮਜੀਤ ਜੱਬੋਵਾਲ, ਸੁਖਪ੍ਰੀਤ ਸਿੰਘ ਰਾਮੇ, ਬਲਜਿੰਦਰ ਸਿੰਘ ਢਿੱਲੋਂ, ਮੁਖਤਿਆਰ ਸਿੰਘ, ਬਲਜਿੰਦਰ ਸ਼ੇਰਪੁਰ, ਗੁਰਭੇਜ ਸਿੰਘ ਤੋਤੀ ਅਤੇ ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਰਈਆ (ਦਵਿੰਦਰ ਸਿੰਘ ਭੰਗੂ): ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੀ ਟੀ ਰੋਡ ਬਿਆਸ ਪੁਲ ’ਤੇ ਲਾਇਆ ਧਰਨਾ ਤੀਜੇ ਦਿਨ ਰਾਹਗੀਰਾਂ ਦੀ ਮੁਸ਼ਕਲ ਨੂੰ ਦੇਖਦਿਆਂ ਹੋਇਆਂ ਬਾਅਦ ਦੁਪਹਿਰ ਤਿੰਨ ਸਮਾਪਤ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੋਸ ਮਾਰਚ, ਭਾਜਪਾ ਦੇ ਲੀਡਰਾਂ ਦਾ ਘਿਰਾਓ ਕਰਨ ਜਾਂ ਰੇਲ ਰੋਕੋ ਵਰਗੇ ਅੰਦੋਲਨ ਦੀ ਰੂਪਰੇਖਾ ਉਲੀਕਣ ਦਾ ਸੰਕੇਤ ਦਿੱਤਾ ਗਿਆ।
ਧਰਨਾ ਸਮਾਪਤ ਕਰਨ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਆਰਡੀਨੈਂਸ ਲਾਗੂ ਕਰਨ ਲਈ ਬਜ਼ਿੱਦ ਮੋਦੀ ਸਰਕਾਰ ਦਾ ਰਵੱਈਆ ਦੇਖਦਿਆਂ 17 ਸਤੰਬਰ ਨੂੰ ਮੀਟਿੰਗ ਕਰਕੇ ਏਜੰਡੇ ’ਤੇ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਲੰਬੇ ਮਾਰਚ ਕਰਨ, ਰੇਲ ਰੋਕੋ ਅੰਦੋਲਨ ਤੇ ਪਿੰਡਾਂ ਵਿੱਚ ਕੇਂਦਰੀ ਮੰਤਰੀਆਂ, ਐੱਮਐੱਲਏ ਤੇ ਰਾਜ ਸਭਾ ਮੈਂਬਰਾਂ, ਲੋਕ ਸਭਾ ਤੇ ਭਾਜਪਾ ਦੇ ਲੀਡਰਾਂ ਦੀਆਂ ਰਿਹਾਇਸ਼ ਦੇ ਘਿਰਾਓ ਵੀ ਹੋ ਸਕਦੇ ਹਨ। ਪੰਜਾਬ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਹੈ ਕਿ ਉਹ ਤਿੱਖੇ ਸੰਘਰਸ਼ ਦੀ ਤਿਆਰੀ ਕਰਨ। ਜਥੇਬੰਦੀ ਵੱਲੋਂ ਆਮ ਜਨਤਾ, ਟਰੱਕਾਂ ਵਾਲੇ ਤੇ ਰਾਹਗੀਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆ ਪੁਲਾਂ ਉੱਤੇ ਚੱਲ ਰਹੇ ਅੰਦੋਲਨ ਨੂੰ ਅੱਜ ਵਾਪਸ ਲੈ ਲਿਆ ਗਿਆ। ਜਥੇਬੰਦੀਆਂ ਦਾ ਕਹਿਣਾ ਹੈ ਕਿ ਹੁਣ ਇਸ ਤੋਂ ਵੱਧ ਦਬਾਅ ਪਾਉਣ ਵਾਲਾ ਤਰੀਕਾ ਅਪਣਾਉਣ ਦੀ ਲੋੜ ਹੈ। ਕਿਸਾਨ ਜਥੇਬੰਦੀ ਵੱਲੋਂ ਪੁਲ ਜਾਮ ਕਰਨ ਨਾਲ ਆਈ ਜਨਤਾ ਨੂੰ ਤਕਲੀਫ਼ ਦੀ ਲੋਕਾਂ ਤੋਂ ਮੁਆਫ਼ੀ ਮੰਗੀ ਤੇ ਇਸ ਘੋਲ ਵਿੱਚ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ, ਕੁਲਵੰਤ ਸਿੰਘ ਕੱਕੜ, ਧੰਨਾ ਸਿੰਘ ਲਾਲੂ ਗੁੰਮਣ, ਸਤਨਾਮ ਸਿੰਘ ਮਾਨੋਚਾਹਲ, ਸਲਵਿੰਦਰ ਸਿੰਘ ਉਬਾਲਾ, ਦਿਆਲ ਸਿੰਘ ਮੀਆਂਵਿੰਡ, ਜਵਾਹਰ ਸਿੰਘ ਟਾਂਡਾ, ਗੁਰਜੀਤ ਸਿੰਘ ਗੰਢੀ ਵਿੰਡ, ਲਖਵਿੰਦਰ ਸਿੰਘ ਡਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਟਾਂਡਾ, ਸ੍ਰੀ ਹਰਗੋਬਿੰਦਪੁਰ (ਸੁਰਿੰਦਰ ਸਿੰਘ ਗੁਰਾਇਆ/ਗੁਰਭੇਜ ਸਿੰਘ ਰਾਣਾ): ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਟਾਂਡਾ-ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਬਿਆਸ ਦਰਿਆ ਪੁਲ ’ਤੇ ਲਾਇਆ ਗਿਆ ਧਰਨਾ ਅੱਜ ਤੀਜੇ ਦਿਨ ਜਾ ਕੇ ਸਮਾਪਤ ਹੋਇਆ। ਅੱਜ ਧਰਨੇ ਦੀ ਅਗਵਾਈ ਰਣਜੀਤ ਸਿੰਘ ਕਲੇਰ ਬਾਲਾ, ਅਜੈਬ ਸਿੰਘ ਚੀਮਾ ਖੁੱਡੀ, ਅਮਰਜੀਤ ਸਿੰਘ ਸੁੰਦੜਾ, ਸੁਖਦੇਵ ਸਿੰਘ ਅੱਲੜ ਪਿੰਡੀ ਤੇ ਕੁਲਦੀਪ ਸਿੰਘ ਬੇਗੋਵਾਲ ਨੇ ਕੀਤੀ। ਇਸ ਦੌਰਾਨ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਭੜਾਸ ਕੱਢਦੇ ਹੋਏ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਗੁਰਪ੍ਰੀਤ ਸਿੰਘ ਖਾਨਪੁਰ, ਰਣਬੀਰ ਸਿੰਘ ਡੁੱਗਰੀ ਤੇ ਸਵਿੰਦਰ ਸਿੰਘ ਰੂਪੋਵਾਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤਿ ਦੀ ਢੀਠ ਹੋ ਚੁੱਕੀ ਹੈ। ਪੰਜਾਬ ਦੇ ਕਿਸਾਨ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਸੜਕਾਂ ’ਤੇ ਡੇਰੇ ਲਗਾ ਕੇ ਬੈਠੇ ਹੋਏ ਹਨ ਪਰ ਫਿਰ ਵੀ ਮੋਦੀ ਸਰਕਾਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਕੇ ਪਾਰਲੀਮੈਂਟ ਵਿੱਚ ਆਰਡੀਨੈਂਸ ਰੱਖ ਕੇ ਕਾਨੂੰਨ ਪਾਸ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਕਾਲੀ ਦਲ ਵੀ ਵਾਰ-ਵਾਰ ਯੂ-ਟਰਨ ਲੈ ਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਮਿਲੀ ਵਜ਼ੀਰੀ ਛੱਡਣ ਨੂੰ ਤਿਆਰ ਨਹੀਂ।