ਨਵੀਂ ਦਿੱਲੀ, 14 ਸਤੰਬਰ
ਲੋਕ ਸਭਾ ਵਿੱਚ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਮੌਖਿਕ ਤੌਰ ’ਤੇ ਵੋਟ ਪਾ ਕੇ ਨੈਸ਼ਨਲ ਕਮਿਸ਼ਨ ਫਾਰ ਹੋਮਿਓਪੈਥੀ ਬਿੱਲ 2020 ਅਤੇ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ ਬਿੱਲ 2020 ਪਾਸ ਕੀਤੇ ਗਏ। ਆਯੂਸ਼ ਮੰਤਰੀ ਸ੍ਰੀਪਦ ਯੈਸੋ ਨਾਇਕ ਦੀ ਗ਼ੈਰ-ਮੌਜੂਦਗੀ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਇਹ ਦੋਵੇਂ ਬਿੱਲ ਸਦਨ ਵਿੱਚ ਪੇਸ਼ ਕੀਤੇ। ਹੋਮਿਓਪੈਥੀ ਬਿੱਲ ਤਹਿਤ ਪੂਰੇ ਦੇਸ਼ ਵਿੱਚ ਢੁਕਵੇਂ ਅਤੇ ਉੱਚ ਗੁਣਵੱਤਾ ਵਾਲੇ ਹੋਮਿਓਪੈਥੀ ਪ੍ਰੈਕਟੀਸ਼ਨਰ ਮੁਹੱਈਆ ਕਰਵਾਉਣ ਲਈ ਮੈਡੀਕਲ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨਾ ਹੈ। ਦੂਜੇ ਬਿੱਲ ਦਾ ਮਕਸਦ ਵੀ ਗੁਣਵੱਤਾ ਅਤੇ ਕਿਫ਼ਾਇਤੀ ਮੈਡੀਕਲ ਸਿੱਖਿਆ ਪ੍ਰਤੀ ਪਹੁੰਚ ਵਿੱਚ ਸੁਧਾਰ ਲਿਆਉਣਾ ਹੈ। ਇਸ ਦੌਰਾਨ ਸਰਕਾਰ ਨੇ ਲੋਕ ਸਭਾ ’ਚ ਅੱਠ ਅਤੇ ਰਾਜ ਸਭਾ ’ਚ ਪੰਜ ਬਿੱਲ ਪੇਸ਼ ਕੀਤੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ 2.35 ਲੱਖ ਕਰੋੜ ਦੇ ਵਾਧੂ ਖ਼ਰਚੇ ਲਈ ਸੰਸਦ ਦੀ ਪ੍ਰਵਾਨਗੀ ਮੰਗੀ। ਇਸ ’ਚੋਂ 1.66 ਲੱਖ ਕਰੋੜ ਕਰੋਨਾ ਨਾਲ ਨਜਿੱਠਣ ’ਚ ਵਰਤੇ ਜਾਣਗੇ। ਸੰਸਦ ਮੈਂਬਰਾਂ ਦੀ ਤਨਖ਼ਾਹ ਇਕ ਸਾਲ ਤੱਕ 30 ਫ਼ੀਸਦੀ ਘਟਾਊਣ ਵਾਲੇ ਬਿੱਲ ਨੂੰ ਵੀ ਪੇਸ਼ ਕੀਤਾ ਗਿਆ।
-ਆਈਏਐੱਨਐੱਸ