ਪੱਤਰ ਪ੍ਰੇਰਕ
ਬਠਿੰਡਾ, 18 ਸਤੰਬਰ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੂਰਨ ਉਮੀਦ ਹੈ ਕਿ ਭਾਰਤ ਵਿੱਚ ਸਥਾਪਤ ਕੀਤੇ ਜਾਣ ਵਾਲੇ ਤਿੰਨ ਫਾਰਮਾ ਪਾਰਕਾਂ ਵਾਲੀਆਂ ਥਾਵਾਂ ’ਚੋਂ ਬਠਿੰਡਾ ਪ੍ਰਮੁੱਖ ਸਥਾਨ ਬਣ ਕੇ ਉਭਰੇਗਾ, ਜੋ ਚੀਨ ਦੇ ਦਵਾਈ ਨਿਰਮਾਤਾਵਾਂ ਦੀ ਇਜਾਰੇਦਾਰੀ ਨੂੰ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਉੱਤਰ-ਪੱਛਮੀ ਭਾਰਤ ਵਿੱਚ ਇਕ ਆਦਰਸ਼ ਸਥਾਨ ਹੈ। ਇਹ ਇਕ ਅਜਿਹੀ ਜਗ੍ਹਾ ਹੈ, ਜਿਥੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਇਲਾਵਾ ਉੱਤਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਪਹੁੰਚ ਬੇਹੱਦ ਆਸਾਨ ਹੈ। ਪੰਜਾਬ ਵਿੱਚ ਦਵਾਈ ਨਿਰਮਾਣ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਵੱਡੀ ਸਮਰੱਥਾ ਹੈ। ਬਠਿੰਡਾ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਪਹਿਲਾਂ ਥਰਮਲ ਪਲਾਂਟ ਸਥਾਪਤ ਸੀ ਉਹ 1300 ਏਕੜ ਜ਼ਮੀਨ ਹੁਣ ਫਾਰਮਾ ਪਾਰਕ ਲਈ ਉਪਲਬਧ ਹੈ। ਬਾਦਲ ਨੇ ਕਿਹਾ ਕਿ ਪੰਜਾਬ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਲਾਂਟ ਸਥਾਪਤ ਕਰੇਗੀ। ਇਹ ਨਾ ਸਿਰਫ ਮਾਲਵਾ ਖਿੱਤੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਵੇਗਾ ਸਗੋਂ ਪੰਜਾਬ ਦੇ ਉਦਯੋਗ ਦੀ ਨੁਹਾਰ ਹੀ ਬਦਲ ਦੇਵੇਗਾ।