ਹਰਦੀਪ ਸਿੰਘ ਸੋਢੀ
ਧੂਰੀ, 21 ਸਤੰਬਰ
ਅੱਜ ਸ਼ਹਿਰ ਦੇ ਧੂਰਾ ਰੋਡ ’ਤੇ ਸਥਿਤ ਇੱਕ ਕਣਕ ਦੇ ਗੁਦਾਮ ’ਚ ਕਣਕ ਦੀ ਲੋਡਿੰਗ ਨੂੰ ਲੈ ਕੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਅਤੇ ਇੱਕ ਠੇਕੇਦਾਰ ਦੀ ਲੇਬਰ ਦਰਮਿਆਨ ਝਗੜਾ ਹੋ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਠੇਕੇਦਾਰ ਦੀ ਲੇਬਰ ਦੇ ਕਈ ਮਜ਼ਦੂਰ ਜ਼ਖ਼ਮੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਮਗਰੋਂ ਗੁਸਾਏ ਲੇਬਰ ਦੇ ਕਾਰਕੁਨਾਂ ਨੇ ਧੂਰਾ ਰੋਡ ਨੂੰ ਜਾਮ ਕਰਕੇ ਆਪਣੇ ਪਰਿਵਾਰਾਂ ਸਮੇਤ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਗਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ, ਜੋ ਇਹ ਧਰਨਾ ਖਬਰ ਲਿਖੇ ਜਾਣ ਤੱਕ ਵੀ ਜਾਰੀ ਸੀ। ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਆਗੂ ਬਲਰਾਜ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਗੁਦਾਮਾਂ ਵਿੱਚ ਜਿਣਸਾਂ ਦੀ ਢੋਆ ਢੁਆਈ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਵਰਕਰ ਕਰਦੇ ਆ ਰਹੇ ਹਨ, ਪਰ ਵਿਭਾਗੀ ਮਿਲੀਭੁਗਤ ਨਾਲ ਠੇਕੇਦਾਰ ਦੀ ਲੇਬਰ ਰਾਹੀਂ ਕੰਮ ਕਰਵਾ ਕੇ ਪੱਲੇਦਾਰ ਲੇਬਰ ਨੂੰ ਵਿਹਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਘੱਟ ਰੇਟ ਤੇ ਟੈਂਡਰ ਪਾਇਆ ਗਿਆ ਸੀ, ਜੋ ਜ਼ਿਲ੍ਹਾ ਕੰਟਰੋਲਰ ਨੇ ਜਾਣ ਬੁੱਝ ਕੇ ਟੈਂਡਰ ਨਹੀਂ ਖੋਲ੍ਹਿਆ ਤੇ ਟੈਂਡਰ ਦਾ ਵੱਧ ਰੇਟ ਵਾਲਾ ਟੈਂਡਰ ਖੋਲਕੇ ਅਲਾਟ ਕਰ ਦਿੱਤਾ।
ਜਦੋਂ ਇਸ ਸਬੰਧੀ ਠੇਕੇਦਾਰ ਸੰਦੀਪ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਤੋਂ ਟੈਂਡਰ ਪ੍ਰਕਿਆ ਰਾਹੀਂ ਟੈਂਡਰ ਮਿਲਿਆ ਸੀ ਤੇ ਲੋਕਲ ਲੇਬਰ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਅਤੇ ਜੋ ਰੇਟ ਮਿਲਿਆ ਹੈ, ਉਹ ਹੀ ਮੰਗ ਕਰ ਰਹੇ ਹਨ। ਜਦੋਂਕਿ ਉਹ ਮਾਰਕਿਟ ਦੀ ਪ੍ਰਚਲਿਤ ਲੇਬਰ ਦਾ ਰੇਟ ਦੇਣ ਲਈ ਤਿਆਰ ਹਨ।
ਇਸ ਮਾਮਲੇ ਸਬੰਧੀ ਡੀਐੱਸਪੀ ਧੂਰੀ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਬਿਆਨ ਕਲਮਬੰਦ ਹੋਣ ਮਗਰੋਂ ਕਾਰਵਾਈ ਕੀਤੀ ਜਾਵੇਗੀ।