ਜਸਵੀਰ ਸਿੰਘ ਭੁੱਲਰ
ਦੋਦਾ, 27 ਸਤੰਬਰ
ਇਸ ਖੇਤਰ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਟਿਊਬਵੈੱਲ ਮੋਟਰਾਂ ਤੋਂ ਟਰਾਂਸਫਾਰਮਰ ਅਤੇ ਉਨ੍ਹਾਂ ’ਚੋਂ ਤਾਂਬਾ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅੱਜ ਗੁਪਤ ਸੂਚਨਾ ’ਤੇ ਜਦ ਸਥਾਨਕ ਪੱਤਰਕਾਰਾਂ ਦੀ ਟੀਮ ਨੇ ਦੇਖਿਆ ਕਿ ਇਕ ਸਟੋਰ ’ਚੋਂ ਪਾਵਰਕੌਮ ਦੇ ਜੇਈ ਨੇ ਕਥਿਤ ਮਿਲੀਭੁਗਤ ਨਾਲ ਪਹਿਲਾਂ ਤਾਂਬਾ ਚੋਰੀ ਹੋਏ 5 ਟਰਾਂਸਫਾਰਮਰਾਂ ਦੇ ਬਕਸੇ ਅਤੇ ਹੋਰ ਸਾਮਾਨ ਇਕ ਕਬਾੜੀਏ ਦੇ ਸਪੁਰਦ ਕਰ ਦਿੱਤਾ, ਜਿਸ ਨੇ ਗੈਸ ਕਟਰ ਨਾਲ ਸਟੋਰ ਵਿਚ ਹੀ ਨਾਲ ਉਕਤ ਸਾਮਾਨ ਕੱਟ ਕੇ ਆਪਣੀ ਜੀਪ ’ਤੇ ਉਸ ਦੀ ਰੇਹੜੀ ਵਿਚ ਲੱਦ ਕੇ ਘਰ ਲਿਆਂਦਾ ਅਤੇ ਮੀਡੀਆ ਟੀਮ ਦੇ ਪੁੱਛਣ ’ਤੇ ਕਬਾੜੀਆ ਕੋਈ ਤਸੱਲੀਬਖਸ਼ ਜੁਆਬ ਨਾ ਦੇ ਸਕਿਆ। ਸਬੰਧਤ ਜੇਈ ਨਾਲ ਗੱਲ ਕੀਤੀ ਤਾਂ ਉਹ ਗਲਤੀ ਦਾ ਅਹਿਸਾਸ ਕਰਦੇ ਹੋਏ ਹਰ ਸਵਾਲ ਤੋਂ ਟਾਲਾ ਵੱਟਦੇ ਰਹੇ। ਦੂਜੇ ਪਾਸੇ ਜਦ ਵਿਭਾਗ ਦੇ ਐਕਸੀਅਨ ਗਿੱਦੜਬਾਹਾ ਹਰੀਸ਼ ਕੋਠਵਾਲ ਨਾਲ ਉਕਤ ਮਾਮਲੇ ਸਬੰਧੀ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਤਾਂਬਾ ਚੋਰੀ ਹੋਏ ਟਰਾਂਸਫਾਰਮਰਾਂ ਦੇ ਖਾਲੀ ਬਕਸੇ ਵੀ ਕੱਟ ਕੇ ਨਹੀਂ ਵੇਚੇ ਜਾ ਸਕਦੇ, ਇਹ ਸਟੋਰ ਵਿਚ ਜਮ੍ਹਾਂ ਕਰਵਾਉਣੇ ਹੁੰਦੇ ਹਨ ਅਤੇ ਉਹ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਸਖਤ ਕਾਰਵਾਈ ਅਮਲ ਵਿਚ ਲਿਆਉਣਗੇ।